ਕੇਜਰੀਵਾਲ ਦੀ ਪਤਨੀ ਨੇ ਐੱਲ. ਜੀ. ਨੂੰ ਟਵੀਟ ਕਰ ਕੇ ਦਿੱਤੀ ਚਿਤਾਵਨੀ

05/19/2018 10:49:53 AM

ਨਵੀਂ ਦਿੱਲੀ— ਉਪ ਰਾਜਪਾਲ (ਐੱਲ. ਜੀ.) ਅਨਿਲ ਬੈਜਲ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਰਮਿਆਨ ਜਾਰੀ ਵਿਵਾਦ ਤੋਂ ਹਰ ਕੋਈ ਵਾਕਿਫ ਹੈ। ਇਸੇ ਦੌਰਾਨ ਸੀ. ਐੱਮ. ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਮੈਦਾਨ ਵਿਚ ਉਤਰ ਆਈ ਹੈ। ਉਨ੍ਹਾਂ ਟਵੀਟ ਰਾਹੀਂ ਉਪ ਰਾਜਪਾਲ 'ਤੇ ਰੱਜ ਕੇ ਭੜਾਸ ਕੱਢੀ। ਇਹ ਹੀ ਨਹੀਂ, ਸੁਨੀਤਾ ਨੇ ਅਨਿਲ ਬੈਜਲ ਨੂੰ ਕਰਮ ਦਾ ਫਲ ਭੋਗਣ ਦੀ ਵੀ ਚਿਤਾਵਨੀ ਦਿੱਤੀ। ਸੀ. ਐੱਮ. ਦੀ ਪਤਨੀ ਨੇ ਆਪਣੇ ਟਵੀਟ ਵਿਚ ਐੱਲ. ਜੀ. ਨੂੰ ਟੈਗ ਕਰ ਕੇ ਲਿਖਿਆ ਕਿ ਤੁਸੀਂ ਜਾਣਦੇ ਹੋਵੋਗੇ ਕਿ ਸਾਬਕਾ ਐੱਲ. ਜੀ. ਗੰਭੀਰ ਬੀਮਾਰੀ ਤੋਂ ਪੀੜਤ ਹਨ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਜੋ ਕੀਤਾ, ਉਸ ਲਈ ਉਹ ਅਫਸੋਸ ਵੀ ਪ੍ਰਗਟ ਕਰ ਚੁੱਕੇ ਹਨ। ਮੇਰੀ ਵਿਧਵਾ ਭੈਣ ਨੂੰ ਪ੍ਰੇਸ਼ਾਨ ਕਰਨ ਤੋਂ ਇਲਾਵਾ 'ਆਪ' ਸਰਕਾਰ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਨਾ ਗੈਰ-ਮਨੁੱਖੀ ਰਵੱਈਆ ਹੈ। ਟਵੀਟ ਵਿਚ ਲਿਖਿਆ ਹੈ ਕਿ ਕਰਮ ਕਦੇ ਵੀ ਕਰਤਾ ਨੂੰ ਨਹੀਂ ਛੱਡਦਾ। 
ਇਸ ਦੌਰਾਨ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ ਵਿਚ ਪੁਲਸ ਨੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲੋਂ ਲਗਭਗ ਸਵਾ 3 ਘੰਟੇ ਤੱਕ ਪੁੱਛਗਿੱਛ ਕੀਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਕੇਜਰੀਵਾਲ  ਤੋਂ ਉਨ੍ਹਾਂ ਦੇ ਨਿਵਾਸ 'ਤੇ ਸ਼ਾਮ ਲਗਭਗ 5 ਵਜੇ ਪੁੱਛਗਿੱਛ ਸ਼ੁਰੂ ਕੀਤੀ ਗਈ ਸੀ ਜੋ ਲਗਾਤਾਰ 3 ਘੰਟੇ ਤੱਕ ਚੱਲੀ।