ਕਰਨਾਟਕ ਦੀ ਖੇਡ ਦਾ ਅਸਰ ਹੁਣ ਰਾਜਸਥਾਨ ਭਾਜਪਾ ''ਤੇ

05/22/2018 11:55:13 AM

ਜਲੰਧਰ/ਕਰਨਾਟਕ(ਰਵਿੰਦਰ)— ਕਰਨਾਟਕ 'ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਨ ਤੋਂ ਬਾਅਦ ਹੁਣ ਭਾਜਪਾ ਹਾਈਕਮਾਨ ਨੇ ਉਨ੍ਹਾਂ ਸੂਬਿਆਂ 'ਤੇ ਨਜ਼ਰ ਟਿਕਾ ਲਈ ਹੈ, ਜਿੱਥੇ ਇਸ ਸਾਲ ਚੋਣਾਂ ਹੋਣ ਵਾਲੀਆਂ ਹਨ। ਭਾਜਪਾ ਲਈ ਸਭ ਤੋਂ ਵੱਡੀ ਪਰੇਸ਼ਾਨੀ ਰਾਜਸਥਾਨ ਸਬੰਧੀ ਹੈ। ਰਾਜਸਥਾਨ 'ਚ ਪਿਛਲੇ ਕੁਝ ਸਮੇਂ ਤੋਂ ਸਰਕਾਰ ਵਿਰੁੱਧ ਜਨਤਾ ਦਾ ਗੁੱਸਾ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਆਉਣ ਵਾਲੀਆਂ ਰਾਜਸਥਾਨ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਹਾਈਕਮਾਨ ਆਪਣੀ ਪੂਰੀ ਤਾਕਤ ਲਗਾਉਣ ਵਾਲੀ ਹੈ। ਰਾਜਸਥਾਨ 'ਚ ਮੌਜੂਦਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨਾਲ ਵੀ ਹਾਈਕਮਾਨ ਦਾ ਗਣਿਤ ਕੁਝ ਚੰਗਾ ਨਹੀਂ ਹੈ।
ਪਿਛਲੇ ਇਕ ਮਹੀਨੇ ਤੋਂ ਰਾਜਸਥਾਨ 'ਚ ਸੂਬਾ ਭਾਜਪਾ ਪ੍ਰਧਾਨ ਦਾ ਅਹੁਦਾ ਖਾਲੀ ਹੈ। ਸਭ ਤੋਂ ਪਹਿਲਾਂ ਪਾਰਟੀ ਹੁਣ ਰਾਜਸਥਾਨ 'ਚ ਨਵੇਂ ਸੂਬਾ ਪ੍ਰਧਾਨ ਦੀ ਭਾਲ 'ਚ ਰੁੱਝ ਗਈ ਹੈ। ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਦੇ ਕਰੀਬੀ ਅਸ਼ੋਕ ਪਰਨਾਮੀ ਨੇ ਦੋ ਲੋਕ ਸਭਾ ਅਤੇ ਇਕ ਵਿਧਾਨ ਸਭਾ ਉਪ ਚੋਣ 'ਚ ਪਾਰਟੀ ਦੀ ਹਾਰ ਤੋਂ ਬਾਅਦ 18 ਅਪ੍ਰੈਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਲੋਕ ਸਭਾ ਸੀਟ ਅਜਮੇਰ ਅਤੇ ਅਲਵਰ ਨੂੰ ਹਾਰਨ ਤੋਂ ਬਾਅਦ ਤਾਂ ਸੂਬੇ 'ਚ ਸਰਕਾਰ ਵਿਰੋਧੀ ਲਹਿਰ ਦਾ ਅਸਰ ਸਾਫ ਦਿਖਾਈ ਦੇਣ ਲੱਗਾ ਸੀ। ਪਾਰਟੀ ਹਾਈਕਮਾਨ ਵੀ ਚਾਹੁੰਦੀ ਸੀ ਕਿ ਇਸ ਲਹਿਰ ਨਾਲ ਜਲਦੀ ਨਜਿੱਠ ਲਿਆ ਜਾਵੇ। ਨਵੇਂ ਸੂਬਾ ਪ੍ਰਧਾਨ ਦੀ ਨਿਯੁਕਤੀ 'ਚ ਵੀ ਇਸ ਲਈ ਦੇਰੀ ਹੋ ਰਹੀ ਹੈ ਕਿ ਅੱਜਕਲ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਦਾ ਗਣਿਤ ਹਾਈਕਮਾਨ ਨਾਲ ਠੀਕ ਨਹੀਂ ਚਲ ਰਿਹਾ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਹਾਈਕਮਾਨ ਆਪਣੀ ਮਰਜ਼ੀ ਦਾ ਸੂਬਾ ਪ੍ਰਧਾਨ ਨਿਯੁਕਤ ਕਰਨਾ ਚਾਹੁੰਦੀ ਹੈ ਤਾਂ ਵਸੁੰਧਰਾ ਰਾਜੇ ਆਪਣੀ ਮਰਜ਼ੀ ਦਾ, ਕਿਉਂਕਿ ਵਿਧਾਨ ਸਭਾ ਚੋਣਾਂ 'ਚ ਟਿਕਟਾਂ ਦੀ ਅਲਾਟਮੈਂਟ ਦਾ ਸਾਰਾ ਜ਼ਿੰਮਾ ਸੂਬਾ ਪ੍ਰਧਾਨ ਦੇ ਹੱਥ 'ਚ ਹੋਵੇਗਾ ਤਾਂ ਵਸੁੰਧਰਾ ਰਾਜੇ ਚਾਹੁੰਦੀ ਹੈ ਕਿ ਸੂਬਾ ਪ੍ਰਧਾਨ ਉਨ੍ਹਾਂ ਦੀ ਮਰਜ਼ੀ ਦਾ ਹੀ ਹੋਵੇ। ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ 2019 ਦੀਆਂ ਲੋਕ ਸਭਾ ਚੋਣਾਂ ਵੀ ਭਾਜਪਾ ਲਈ ਰਾਜਸਥਾਨ 'ਚ ਕਾਫੀ ਅਹਿਮ ਹਨ, ਕਿਉਂਕਿ 2014 'ਚ ਭਾਜਪਾ ਨੇ ਇਥੇ ਸਾਰੀਆਂ 25 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਰਾਜਸਥਾਨ ਦੀ ਕਮਾਨ ਜੋਧਪੁਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਸੂਬਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਕੇਂਦਰੀ ਸੂਬਾ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਸੌਂਪਣਾ ਚਾਹੁੰਦੇ ਹਨ, ਕਿਉਂਕਿ ਇਹ ਦੋਵੇਂ ਨੇਤਾ ਕੇਂਦਰੀ ਹਾਈਕਮਾਨ ਨੇੜੇ ਹਨ ਤਾਂ ਇਨ੍ਹਾਂ ਦੋਵਾਂ ਨੇਤਾਵਾਂ ਦੇ ਨਾਂ ਦਾ ਵਸੁੰਧਰਾ ਰਾਜੇ ਵਿਰੋਧ ਕਰ ਚੁੱਕੀ ਹੈ। ਰਾਜੇ ਖੇਮਾ ਚਾਹੁੰਦਾ ਹੈ ਕਿ ਕਿਸੇ ਅਜਿਹੇ ਵਿਅਕਤੀ ਨੂੰ ਸੂਬੇ ਦੀ ਕਮਾਨ ਸੌਂਪੀ ਜਾਵੇ, ਜੋ ਨੌਜਵਾਨ ਵੀ ਹੋਵੇ ਅਤੇ ਗ੍ਰਾਸ ਰੂਟ 'ਤੇ ਪਕੜ ਹੋਵੇ। ਨਾਲ ਹੀ ਵਸੁੰਧਰਾ ਰਾਜੇ ਸੂਬੇ 'ਚ ਜਾਟ-ਰਾਜਪੂਤ ਗਣਿਤ ਨੂੰ ਵੀ ਫਿੱਟ ਬਿਠਾਉਣਾ ਚਾਹੁੰਦੀ ਹੈ। ਨਵੇਂ ਸੂਬਾ ਪ੍ਰਧਾਨ ਦੇ ਨਾਂ ਦੇ ਨਾਲ ਹੀ ਵਰਕਰਾਂ ਦਾ ਰੁਝਾਨ ਵੀ ਆਪਣੀਆਂ ਕਰਵਟਾਂ ਲੈਂਦਾ ਦਿਖਾਈ ਦੇਵੇਗਾ, ਕਿਉਂਕਿ ਜੇਕਰ ਵਰਕਰਾਂ ਦਾ ਮਨਪਸੰਦੀਦਾ ਨੇਤਾ ਇਸ ਅਹੁਦੇ 'ਤੇ ਬੈਠਾ ਤਾਂ ਆਉਣ ਵਾਲੀਆਂ ਚੋਣਾਂ ਲਈ ਵਰਕਰਾਂ ਦਾ ਮਨੋਬਲ ਵੀ ਹਾਈ ਰਹੇਗਾ। ਜੇਕਰ ਭਾਜਪਾ ਕਰਨਾਟਕ 'ਚ ਸਰਕਾਰ ਬਣਾਉਣ 'ਚ ਸਫਲ ਰਹਿੰਦੀ ਹੈ, ਕੇਂਦਰੀ ਹਾਈਕਮਾਨ ਕਾਫੀ ਹੱਦ ਤਕ ਆਪਣੇ ਵੱਲੋਂ ਚੁਣੇ ਗਏ ਇਕ ਨਾਂ ਨੂੰ ਹੀ ਇਸ ਅਹੁਦੇ 'ਤੇ ਬਿਠਾ ਦਿੰਦੀ ਪਰ ਕਰਨਾਟਕ ਦੀ ਕੁਰਸੀ ਹੱਥੋਂ ਜਾਂਦਿਆਂ ਹੀ ਹੁਣ ਹਾਈਕਮਾਨ ਕੁਝ ਬੈਕਫੁੱਟ 'ਤੇ ਨਜ਼ਰ ਆ ਰਹੀ ਹੈ ਅਤੇ ਰਾਜੇ ਖੇਮੇ 'ਚ ਹੋਰ ਨਾਵਾਂ 'ਤੇ ਚਰਚਾ ਚੱਲਣ ਲੱਗੀ ਹੈ। ਇਸ 'ਚ ਰਾਜੇ ਖੇਮੇ ਤੋਂ ਸ਼੍ਰੀਚੰਦ ਕ੍ਰਿਪਲਾਨੀ, ਸਾਬਕਾ ਮੰਤਰੀ ਲਕਸ਼ਮੀ ਨਾਰਾਇਣ ਦਵੇ ਅਤੇ ਰਾਜ ਸਭਾ ਸੰਸਦ ਮੈਂਬਰ ਭੁਪਿੰਦਰ ਯਾਦਵ ਅਤੇ ਨਾਰਾਇਣ ਲਾਲ ਪੰਚਰਾਈਆਂ ਦਾ ਨਾਂ ਸਾਹਮਣੇ ਆਇਆ ਹੈ।
ਹਾਰ ਦਾ ਜ਼ਿੰਮਾ ਆਪਣੇ ਸਿਰ ਕੋਈ ਨਹੀਂ ਲੈਣਾ ਚਾਹੁੰਦਾ : ਕਾਂਗਰਸ
ਕਾਂਗਰਸ ਦੇ ਸੂਬਾ ਪ੍ਰਧਾਨ ਸਚਿਨ ਪਾਇਲਟ ਕਹਿੰਦੇ ਹਨ ਕਿ ਮੌਜੂਦਾ ਸਮੇਂ 'ਚ ਭਾਜਪਾ ਅੰਦਰ ਸੂਬਾ ਪ੍ਰਧਾਨ ਦੀ ਕਮਾਨ ਕੋਈ ਵੀ ਸੰਭਾਲਣ ਨੂੰ ਤਿਆਰ ਨਹੀਂ ਹੈ। ਉਹ ਕਹਿੰਦੇ ਹਨ ਕਿ ਕਿਉਂਕਿ ਭਾਜਪਾ ਦੇ ਨੇਤਾ ਜਾਣਦੇ ਹਨ ਕਿ ਇਸ ਵਾਰ ਉਹ ਬੁਰੀ ਤਰ੍ਹਾਂ ਹਾਰਨ ਵਾਲੀ ਹੈ ਤਾਂ ਹਾਰ ਦਾ ਠੀਕਰਾ ਕੋਈ ਵੀ ਨੇਤਾ ਆਪਣੇ ਸਿਰ ਨਹੀਂ ਲੈਣਾ ਚਾਹੁੰਣਗੇ।