ਪੰਜਾਬ-ਹਰਿਆਣਾ ਹਾਈ ਕੋਰਟ ''ਚ 3.40 ਲੱਖ ਤੋਂ ਵੱਧ ਮਾਮਲੇ ਪੈਂਡਿੰਗ : ਜਸਟਿਸ ਕੁਲਦੀਪ ਸਿੰਘ

05/20/2018 6:32:35 AM

ਕਪੂਰਥਲਾ(ਵਾਲੀਆ, ਰਜਿੰਦਰ, ਭੂਪੇਸ਼)—ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ ਕੁਲਦੀਪ ਸਿੰਘ ਨੇ ਸ਼ਨੀਵਾਰ ਕਿਹਾ ਕਿ ਹਾਈ ਕੋਰਟ 'ਚ ਜੱਜਾਂ ਦੇ ਖਾਲੀ ਪਏ ਅਹੁਦਿਆਂ ਨੂੰ ਭਰਨ ਲਈ ਅਦਾਲਤ ਦੇ ਕੋਲੇਜੀਅਮ ਨੇ 10 ਵਕੀਲਾਂ ਅਤੇ 3 ਨਿਆਇਕ ਅਧਿਕਾਰੀਆਂ ਦੇ ਪੈਨਲ ਨੂੰ ਤਰੱਕੀ ਤਹਿਤ ਭੇਜਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਹਾਈ ਕੋਰਟ 'ਚ 49 ਜੱਜ ਹਨ, ਜਦਕਿ ਲੋੜ ਘੱਟੋ-ਘੱਟ 85 ਜੱਜਾਂ ਦੀ ਹੈ। ਪੰਜਾਬ-ਹਰਿਆਣਾ ਹਾਈ ਕੋਰਟ 'ਚ 3.40 ਲੱਖ ਤੋਂ ਵੱਧ ਮਾਮਲੇ ਪੈÎਂਡਿੰਗ ਹਨ। ਇਸ ਮੁੱਦੇ 'ਤੇ ਜਸਟਿਸ ਕੁਲਦੀਪ ਸਿੰਘ ਨੇ ਕਿਹਾ ਕਿ ਨਵੀਆਂ ਤਰੱਕੀਆਂ ਨਾਲ ਪੈਂਡਿੰਗ ਪਏ ਮਾਮਲਿਆਂ ਨੂੰ ਨਿਪਟਾਉਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਹੇਠਲੀਆਂ ਅਦਾਲਤਾਂ 'ਚ ਪੈਂਡਿੰਗ ਮਾਮਲਿਆਂ ਦੀ ਗਿਣਤੀ 'ਚ ਕਮੀ ਆਈ ਹੈ। ਹੇਠਲੀਆਂ ਅਦਾਲਤਾਂ 'ਚ ਖਾਲੀ ਅਹੁਦਿਆਂ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਹਾਈ ਕੋਰਟ ਕਮੇਟੀ ਨੇ ਪੀ. ਸੀ. ਐੱਸ. ਨਿਆਇਕ ਅਧਿਕਾਰੀਆਂ ਦੀ ਮੁੱਖ ਪ੍ਰੀਖਿਆ ਛੇਤੀ ਕਰਵਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਖਾਲੀ ਅਹੁਦਿਆਂ ਨੂੰ ਛੇਤੀ ਤੋਂ ਛੇਤੀ ਭਰਿਆ ਜਾ ਸਕੇ। ਮਾਡਰਨ ਜੇਲ ਕਪੂਰਥਲਾ 'ਚ ਕੈਦੀਆਂ ਦੀ ਤਰਸਯੋਗ ਹਾਲਤ, ਕਈ ਕੈਦੀਆਂ ਦੇ ਖੁਦਕੁਸ਼ੀ ਕਰਨ, ਏਡਜ਼ ਤੋਂ ਪੀੜਤ ਹੋਣ ਅਤੇ ਨਸ਼ੇ ਦੀ ਲਤ ਵਰਗੇ ਮੁੱਦਿਆਂ 'ਤੇ ਜਸਟਿਸ ਕੁਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਜੇਲ ਦਾ ਦੌਰਾ ਕੀਤਾ ਹੈ ਅਤੇ ਮਾਮਲੇ ਨੂੰ ਲੈ ਕੇ ਜ਼ਿਲਾ ਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਜੇਲ ਦੀ ਸਮੇਂ-ਸਮੇਂ 'ਤੇ ਜਾਂਚ ਕਰਦੇ ਰਹਿਣ।  ਉਥੇ ਹੀ ਉਨ੍ਹਾਂ ਨੇ ਭੁਲੱਥ ਵਿਖੇ ਸਬ-ਡਵੀਜ਼ਨ ਕੰਪਲੈਕਸ ਦੀ ਪੁਰਾਣੀ ਇਮਾਰਤ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਉਹ ਇਥੋਂ ਦੇ ਰੈਸਟ ਹਾਊਸ ਪੁੱਜੇ, ਜਿਥੇ ਪੰਜਾਬ ਪੁਲਸ ਵਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭੁਲੱਥ ਵਿਚ ਸਬ-ਡਵੀਜ਼ਨ ਪੱਧਰ ਦੀ ਜੁਡੀਸ਼ੀਅਲ ਕੋਰਟ ਸ਼ੁਰੂ ਕੀਤੀ ਜਾਵੇਗੀ।