IPL 2018 ਦੇ ਕੋਚ ਹੋਏ ਮਾਲਾਮਾਲ, ਜਾਣੋ ਕੋਚਾਂ ਦੀ ਕਿੰਨੀ ਰਹੀ ਸੈਲਰੀ

05/30/2018 4:03:26 PM

ਨਵੀਂ ਦਿੱਲੀ (ਬਿਊਰੋ)— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਨੂੰ ਮਾਲਾਮਾਲ ਟੀ-20 ਲੀਗ ਵੀ ਕਿਹਾ ਜਾਂਦਾ ਹੈ । ਕਰਿਕਟਰਾਂ ਤੋਂ ਲੈ ਕੇ ਕੋਚਿੰਗ ਸਟਾਫ ਤੱਕ ਫਰੈਂਚਾਈਜ਼ੀ ਟੀਮਾਂ ਹਰ ਕਿਸੇ 'ਤੇ ਪਾਣੀ ਦੀ ਤਰ੍ਹਾਂ ਪੈਸਾ ਰੋੜ੍ਹਦੀਆਂ ਹਨ । ਨਿਲਾਮੀ ਦੇ ਦੌਰਾਨ ਕਰਿਕਟਰਾਂ ਦੀ ਸੈਲਰੀ ਤਾਂ ਸਾਨੂੰ ਪਤਾ ਚੱਲ ਜਾਂਦੀ ਹੈ, ਪਰ ਕੋਚਿੰਗ ਸਟਾਫ ਨੂੰ ਕਿੰਨੀ ਸੈਲਰੀ ਮਿਲਦੀ ਹੈ ਇਸ 'ਤੇ ਸਸਪੈਂਸ ਬਣਿਆ ਰਹਿੰਦਾ ਹੈ । ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬਤੌਰ ਕੋਚਿੰਗ ਸਟਾਫ ਰਾਇਲ ਚੈਲੰਜਰਸ ਬੈਂਗਲੁਰੂ (ਆਰਸੀਬੀ) ਦੇ ਆਸ਼ੀਸ਼ ਨਹਿਰਾ ਤੋਂ ਲੈ ਕੇ ਕਿੰਗਜ਼ ਇਲੈਵਨ ਪੰਜਾਬ ਦੇ ਵਰਿੰਦਰ ਸਹਿਵਾਗ ਨੂੰ ਕਿੰਨੀ ਸੈਲਰੀ ਮਿਲਦੀ ਹੈ । 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨਹਿਰਾ ਨੂੰ ਆਈ.ਪੀ.ਐੱਲ. ਸੈਟ-ਅਪ ਵਿੱਚ 4 ਕਰੋੜ ਰੁਪਏ ਦਾ ਸਾਲਾਨਾ ਪੈਕੇਜ ਮਿਲਦਾ ਹੈ । ਨਹਿਰਾ ਆਰ.ਸੀ.ਬੀ. ਦੇ ਬਾਲਿੰਗ ਕੋਚ ਹਨ ਅਤੇ ਆਈ.ਪੀ.ਐੱਲ ਦੇ ਸਭ ਤੋਂ ਮਹਿੰਗੇ ਕੋਚ ਵੀ । ਇੰਨਾ ਹੀ ਨਹੀਂ ਤੁਹਾਨੂੰ ਇਹ ਜਾਨਕੇ ਹੈਰਾਨੀ ਹੋਵੇਗੀ ਕਿ ਨਹਿਰਾ ਦਾ ਪੈਕੇਜ ਟੀਮ ਇੰਡੀਆ ਦੇ ਸਪੋਰਟਿੰਗ ਕੋਚਿੰਗ ਸਟਾਫ ਤੋਂਂ ਜ਼ਿਆਦਾ ਹੈ । ਟੀਮ ਇੰਡੀਆ ਦੇ ਹੈੱਡ ਕੋਚ ਰਵੀ ਸ਼ਾਸਤਰੀ ਦੀ ਸੈਲਰੀ 7 ਕਰੋੜ ਰੁਪਏ ਸਾਲਾਨਾ ਹੈ, ਜਦੋਂਕਿ ਸਪੋਰਟ ਸਟਾਫ ਨੂੰ 2-2 ਕਰੋੜ ਰੁਪਏ ਸਾਲਾਨਾ ਦਿੱਤੇ ਜਾਂਦੇ ਹਨ । 

ਡੇਨੀਅਲ ਵਿਟੋਰੀ ਅਤੇ ਨਹਿਰਾ ਹਨ ਸਭ ਤੋਂ ਮਹਿੰਗੇ ਕੋਚ
ਆਰਸੀਬੀ ਦੇ ਹੀ ਹੈਡ ਕੋਚ ਵਿਟੋਰੀ ਆਈ.ਪੀ.ਐੱਲ ਦੇ ਸਭ ਤੋਂ ਮਹਿੰਗੇ ਕੋਚ ਹਨ ।  ਵਿਟੋਰੀ ਅਤੇ ਨਹਿਰਾ 4-4 ਕਰੋੜ ਰੁਪਏ ਸੈਲਰੀ ਲੈਂਦੇ ਹਨ, ਉਥੇ ਹੀ ਦਿੱਲੀ ਡੇਅਰਡੇਵਿਲਜ਼ ਦੇ ਹੈੱਡ ਕੋਚ ਰਿਕੀ ਪੋਂਟਿੰਗ ਦੀ ਸੈਲਰੀ 3.7 ਅਤੇ ਚੇਨਈ ਸੁਪਰ ਕਿੰਗਜ਼ ਦੇ ਹੈੱਡ ਕੋਚ ਸਟੀਫਨ ਫਲੇਮਿੰਗ ਦੀ ਸੈਲਰੀ 3.2 ਕਰੋੜ ਰੁਪਏ ਹੈ । 

ਸਹਿਵਾਗ ਦੀ ਸੈਲਰੀ ਉਡਾ ਦੇਵੇਗੀ ਹੋਸ਼
ਜੇਕਰ ਤੁਹਾਨੂੰ ਲਗਦਾ ਹੈ ਕਿ ਕਿੰਗਜ਼ ਇਲੈਵਨ ਪੰਜਾਬ ਦੇ ਮੇਂਟਰ ਵਰਿੰਦਰ ਸਹਿਵਾਗ  ਦੀ ਸੈਲਰੀ ਤੀਸਰੇ ਨੰਬਰ ਉੱਤੇ ਆਉਂਦੀ ਹੈ, ਤਾਂ ਤੁਸੀਂ ਗਲਤ ਹੋ । ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੋਚਾਂ ਦੀ ਸੈਲਰੀ ਦੇ ਮਾਮਲੇ ਵਿੱਚ ਸਹਿਵਾਗ ਪੰਜਵੇਂ ਨੰਬਰ ਉੱਤੇ ਹਨ ਅਤੇ ਉਨ੍ਹਾਂ ਨੂੰ ਕਿੰਗਜ਼ ਇਲੈਵਨ ਪੰਜਾਬ ਤੋਂ 3 ਕਰੋੜ ਰੁਪਏ ਸਾਲਾਨਾ ਮਿਲਦੇ ਹਨ । ਉਥੇ ਹੀ ਰਾਜਸਥਾਨ ਰਾਇਲਜ਼ ਦੇ ਸ਼ੇਨ ਵਾਰਨ ਦੀ ਸੈਲਰੀ 2.7 ਕਰੋੜ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਕੋਚ ਜੈਕਸ ਕਾਲਿਸ ਦੀ ਸੈਲਰੀ 2.25 ਕਰੋੜ ਰੁਪਏ ਹੈ । ਮੁੰਬਈ ਇੰਡੀਅਨਜ਼ ਦੇ ਮਹੇਲਾ ਜੈਵਰਧਨੇ ਦੀ ਸੈਲਰੀ ਵੀ 2.25 ਕਰੋੜ ਰੁਪਏ ਹੈ । 

ਲਕਸ਼ਮਨ, ਮੂਡੀ ਅਤੇ ਕਸਟਰਨ ਦੀ ਸੈਲਰੀ ਬਾਕੀਆਂ ਦੇ ਮੁਕਾਬਲੇ ਕਾਫ਼ੀ ਘੱਟ
ਉਥੇ ਹੀ ਸਨਰਾਈਜ਼ਰਜ਼ ਹੈਦਰਾਬਾਦ ਦੇ ਬੈਟਿੰਗ ਕੋਚ ਵੀ.ਵੀ.ਐੱਸ ਲਕਸ਼ਮਨ, ਹੈੱਡ ਕੋਚ ਟਾਮ ਮੂਡੀ ਨੂੰ ਦੋ-ਦੋ ਕਰੋੜ ਰੁਪਏ ਦਾ ਪੈਕੇਜ ਦਿੱਤਾ ਜਾਂਦਾ ਹੈ ਅਤੇ ਆਰ.ਸੀ.ਬੀ. ਦੇ ਬੈਟਿੰਗ ਕੋਚ ਗੈਰੀ ਕਸਟਰਨ ਅਤੇ ਮੁੰਬਈ ਇੰਡੀਅਨਜ਼ ਦੇ ਬਾਲਿੰਗ ਕੋਚ ਲਸਿਥ ਮਲਿੰਗਾ ਨੂੰ 1.5-1.5 ਕਰੋੜ ਰੁਪਏ ਦਾ ਸਾਲਾਨਾ ਪੈਕੇਜ ਮਿਲਦਾ ਹੈ ।