ਹਾਕੀ : ਭਾਰਤ ਨੇ ਚੀਨ ਨੂੰ ਹਰਾਇਆ

05/16/2018 4:46:52 PM

ਡੋਂਘਾਈ ਸਿਟੀ (ਬਿਊਰੋ)— ਭਾਰਤੀ ਮਹਿਲਾ ਟੀਮ ਨੇ ਏਸ਼ੀਆਈ ਚੈਂਪੀਅਨਜ਼ ਟਰਾਫੀ 'ਚ ਚੰਗਾ ਪ੍ਰਦਰਸ਼ਨ ਬਰਕਰਾਰ ਰਖਦੇ ਹੋਏ ਚੀਨ ਨੂੰ 3-1 ਨਾਲ ਹਰਾਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਭਾਰਤ ਲਈ ਵੰਦਨ ਕਟਾਰੀਆ ਨੇ ਚੌਥੇ ਅਤੇ 11ਵੇਂ ਮਿੰਟ 'ਚ ਗੋਲ ਕੀਤਾ ਜਦਕਿ ਗੁਰਜੀਤ ਕੌਰ ਨੇ ਪੈਨਲਟੀ ਕਾਰਨਰ 'ਤੇ 59ਵੇਂ ਮਿੰਟ 'ਚ ਗੋਲ ਕਰਕੇ ਭਾਰਤ ਨੂੰ ਅੱਠਵੀਂ ਰੈਂਕਿੰਗ ਵਾਲੀ ਚੀਨੀ ਟੀਮ 'ਤੇ ਜਿੱਤ ਦਿਵਾਈ। ਚੀਨ ਦੇ ਲਈ ਇਕਮਾਤਰ ਗੋਲ ਵੇਨ ਡਾਨ ਨੇ 15ਵੇਂ ਮਿੰਟ 'ਚ ਕੀਤਾ। 

ਭਾਰਤ ਹੁਣ ਦੋ ਮੈਚਾਂ 'ਚ ਦੋ ਜਿੱਤਾਂ ਨਾਲ ਚੋਟੀ 'ਤੇ ਹੈ। ਵਿਸ਼ਵ ਰੈਂਕਿੰਗ 'ਚ 10ਵੇਂ ਸਥਾਨ 'ਤੇ ਕਾਬਜ਼ ਭਾਰਤ ਦਾ ਸਾਹਮਣਾ ਹੁਣ ਮਲੇਸ਼ੀਆ ਨਾਲ ਹੋਵੇਗਾ। ਮਲੇਸ਼ੀਆਈ ਟੀਮ ਨੇ ਦੂਜੇ ਮੈਚ 'ਚ ਜਾਪਾਨ ਨੂੰ 3-2 ਨਾਲ ਮਾਤ ਦਿੱਤੀ ਸੀ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੇ ਮੈਚ 'ਚ ਜਾਪਾਨ ਨੂੰ 4-1 ਨਾਲ ਹਰਾਇਆ ਸੀ। ਇਸ ਟੂਰਨਾਮੈਂਟ ਜ਼ਰੀਏ ਸ਼ੋਰਡ ਮਾਰਿਨ ਨੇ ਮਹਿਲਾ ਟੀਮ ਦੇ ਮੁੱਖ ਕੋਚ ਦੇ ਰੂਪ 'ਚ ਵਾਪਸੀ ਕੀਤੀ ਹੈ। ਉਹ ਪਿਛਲੇ 7 ਮਹੀਨਿਆਂ ਤੱਕ ਪੁਰਸ਼ ਟੀਮ ਦੇ ਨਾਲ ਸਨ ਪਰ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਤਮਗਾ ਨਹੀਂ ਜਿੱਤਣ ਦੇ ਬਾਅਦ ਉਨ੍ਹਾਂ ਨੂੰ ਫਿਰ ਮਹਿਲਾ ਟੀਮ ਦਾ ਕੋਚ ਬਣਾਇਆ ਗਿਆ ਹੈ।