ਪਿੰਡਾਂ ''ਚ ਨਾਜਾਇਜ਼ ਸ਼ਰਾਬ ਦੀ ਵਿਕਰੀ ਜ਼ੋਰਾਂ ''ਤੇ

05/26/2018 2:25:20 AM

ਬਟਾਲਾ, (ਸੈਂਡੀ)- ਪਿੰਡਾਂ 'ਚ ਨਜਾਇਜ਼ ਰੂੜੀ ਮਾਰਕਾ ਸ਼ਰਾਬ ਦੀ ਵਿਕਰੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ, ਸ਼ਾਮ ਹੁੰਦੇ ਹੀ ਪਿੰਡਾਂ ਵਿਚ ਸ਼ਰਾਬ ਦੇ ਨਸ਼ੇ 'ਚ ਟੱਲੀ ਹੋਏ ਸ਼ਰਾਬੀ ਸੜਕਾਂ, ਗਲੀਆਂ ਕਿਨਾਰੇ ਡਿੱਗੇ ਹੋਏ ਆਮ ਦੇਖਣ ਨੂੰ ਮਿਲ ਰਹੇ ਹਨ ਪਰ ਪੁਲਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਇਨ੍ਹਾਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ਼ ਅਜੇ ਤੱਕ ਵੀ ਕੋਈ ਠੋਸ ਰਣਨੀਤੀ ਉਲੀਕੀ ਨਜ਼ਰ ਨਹੀਂ ਆਉਂਦੀ ਦਿਖਾਈ ਦੇ ਰਹੀ।  
ਕਿੱਥੇ-ਕਿੱਥੇ ਹੁੰਦੈ ਜ਼ਹਿਰੀਲੀ ਸ਼ਰਾਬ ਦਾ ਉਤਪਾਦਨ 
'ਜਗ ਬਾਣੀ' ਦੀ ਟੀਮ ਦੇ ਸਰਵੇਖਣ ਅਨੁਸਾਰ ਪੁਲਸ ਜ਼ਿਲਾ ਬਟਾਲਾ ਅਧੀਨ ਪੈਂਦੇ ਦਿਹਾਤੀ ਪਿੰਡ ਜਿਵੇਂ ਸ਼ਾਮਪੁਰਾ, ਬਿਜਲੀਵਾਲ, ਮੁੱਲਿਆਂਵਾਲ ਸੁਨੱਈਆ, ਧੌਲਪੁਰ, ਖ਼ਤੀਬ , ਕੋਠੇ, ਲੰਗਰਵਾਲ, ਖੈÎਹਿਰਾ, ਭਾਲੋਵਾਲੀ, ਗੁੱਜਰਪੁਰਾ, ਸ਼ੱਕਰੀ, ਕੋਟ ਕਰਮਚੰਦ, ਚੰਦੂਸੂਜਾ, ਤਲਵੰਡੀ ਲਾਲ ਸਿੰਘ ਆਦਿ ਇਲਾਕਿਆਂ 'ਚ ਨਾਜਾਇਜ਼ ਜ਼ਹਿਰੀਲੀ ਰੂੜੀ ਮਾਰਕਾ ਸ਼ਰਾਬ ਦਾ ਉਤਪਾਦਨ, ਥੋਕ 'ਚ ਤਸਕਰੀ ਅਤੇ ਪ੍ਰਚੂਨ 'ਚ ਗੁਪਤ ਰੂਪ 'ਚ ਵੱਡੀ ਪੱਧਰ 'ਤੇ ਵਿਕਰੀ ਹੁੰਦੀ ਹੈ ਪਰ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੈ ਅਤੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਲੋਕ ਸ਼ਰੇਆਮ ਗਰੀਬ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। 
ਕਿਹੜੇ ਖ਼ਤਰਨਾਕ ਰਸਾਇਣਾਂ ਦੀ ਹੁੰਦੀ ਹੈ ਵਰਤੋਂ
ਇੱਥੇ ਦੱਸਣਾ ਬਣਦਾ ਹੈ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਗੈਰ-ਸਮਾਜਿਕ ਅਨਸਰਾਂ ਵੱਲੋਂ ਪਿੰਡਾਂ ਵਿਚ ਭੱਠੀਆਂ ਲਾ ਕੇ ਵੱਖ-ਵੱਖ ਤਰ੍ਹਾਂ ਦੇ ਰਸਾਇਣ ਪਦਾਰਥਾਂ ਰਾਹੀਂ ਸ਼ਰਾਬ ਤਿਆਰ ਕਰ ਕੇ ਪਿੰਡਾਂ ਤੇ ਸ਼ਹਿਰਾਂ ਦੇ ਵੱਖ-ਵੱਖ ਇਲਾਕਿਆਂ 'ਚ ਸਪਲਾਈ ਹੁੰਦੀ ਹੈ ਜਿਵੇਂ ਨਸ਼ੀਲੀਆਂ ਗੋਲੀਆਂ, ਸਪਿਰਿਟ ਦਾ ਤੇਲ, ਨਸ਼ੀਲੇ ਟੀਕਿਆਂ, ਸਫੈਦੀ ਕਰਨ ਵਾਲੇ ਚੂਨਾ ਪਾਊਡਰ, ਜ਼ਹਿਰੀਲੇ ਗੁੜ, ਗਾਚੀ ਨਾਂ ਦੇ ਖ਼ਤਰਨਾਕ ਪਦਾਰਥਾਂ ਰਾਹੀਂ ਵੀ ਵੱਡੇ ਪੱਧਰ 'ਤੇ ਜ਼ਹਿਰੀਲੀ ਸ਼ਰਾਬ ਤਿਆਰ ਹੁੰਦੀ ਹੈ, ਜਿਸ ਤਹਿਤ ਵੱਡੀ ਪੱਧਰ 'ਤੇ ਅਜਿਹੀ ਸ਼ਰਾਬ ਦੇ ਆਦੀ ਹੋ ਚੁੱਕੇ ਗਰੀਬ ਵਰਗ ਦੇ ਸ਼ਰਾਬੀ ਇਹ ਰਸਾਇਣਕ ਜ਼ਹਿਰੀਲੀ ਸ਼ਰਾਬ ਪੀ ਕੇ ਜਿੱਥੇ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਉਥੇ ਹੀ ਕਈ ਮੌਤ ਦੇ ਮੂੰਹ 'ਚ ਵੀ ਜਾ ਚੁੱਕੇ ਹਨ।
ਨਿੱਤ ਹੁੰਦੇ ਹਨ ਸ਼ਰਾਬੀਆਂ ਨਾਲ ਵੱਡੇ ਹਾਦਸੇ
ਜ਼ਿਆਦਾ ਮਾਤਰਾ 'ਚ ਸ਼ਰਾਬ ਦਾ ਸੇਵਨ ਕਰਨ ਕਾਰਨ ਨਿੱਤ ਦਿਨ ਸ਼ਰਾਬੀ ਵੱਡੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ, ਜਿਸ ਤਹਿਤ ਬੀਤੇ ਦਿਨੀਂ ਹੀ ਸ਼ਰਾਬ ਦੇ ਨਸ਼ੇ 'ਚ ਧੁੱਤ ਸ਼ਰਾਬੀ ਸੜਕ 'ਤੇ ਡਿੱਗਦੇ ਨਜ਼ਰ ਆਏ, ਜਿਸ ਦੇ ਸਿੱਟੇ ਵਜੋਂ ਜ਼ਿਆਦਾਤਰ ਸ਼ਰਾਬੀ ਹਾਦਸਿਆਂ ਦਾ ਸ਼ਿਕਾਰ ਹੋ ਕੇ ਲੱਤਾਂ-ਬਾਹਾਂ ਤੁੜਵਾ ਚੁੱਕੇ ਹਨ ਤੇ ਕਈ ਤਾਂ ਵੱਡੇ ਹਾਦਸਿਆਂ ਕਾਰਨ ਮੌਤ ਦੇ ਮੂੰਹ ਵਿਚ ਵੀ ਜਾ ਚੁੱਕੇ ਹਨ।