ਨਾਜਾਇਜ਼ ਸ਼ਰਾਬ ਅਤੇ ਲਾਹਨ ਸਮੇਤ ਇਕ ਵਿਅਕਤੀ ਗ੍ਰਿਫਤਾਰ, ਬਾਕੀ ਫਰਾਰ

05/26/2018 2:25:39 PM

ਜਲਾਲਾਬਾਦ (ਸੇਤੀਆ, ਜਤਿੰਦਰ) - ਪੁਲਸ ਅਤੇ ਐਕਸਾਈਜ ਵਿਭਾਗ ਨੇ ਡੀ. ਐੱਸ. ਪੀ. ਅਮਰਜੀਤ ਸਿੰਘ ਸਿੱਧੂ, ਐਕਸਾਈਜ਼ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਅਗਵਾਈ 'ਚ ਸ਼ਨੀਵਾਰ ਨੂੰ ਪਿੰਡ ਮਹਾਲਮ ਅਤੇ ਢਾਣੀ ਪ੍ਰੇਮ ਸਿੰਘ 'ਤੇ ਛਾਪੇਮਾਰੀ ਕਰਦਿਆਂ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ, ਲਾਹਨ ਅਤੇ ਸ਼ਰਾਬ ਤਿਆਰ ਕਰਨ ਵਾਲਾ ਸਮਾਨ ਬਰਾਮਦ ਹੋਇਆ ਹੈ।ਪੁਲਸ ਨੇ ਇਸ ਮਾਮਲੇ ਦੇ ਸਬੰਧ 'ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਕੁੱਝ ਦੋਸ਼ੀ ਭੱਜਣ 'ਚ ਕਾਮਯਾਬ ਹੋ ਗਏ। ਇਸ ਛਾਪੇਮਾਰੀ ਦੌਰਾਨ ਵੱਡੀ ਗਿਣਤੀ 'ਚ ਪੁਲਸ ਬਲ ਤੈਨਾਤ ਸੀ। 
ਇਸ ਮੌਕੇ ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਡੀ.ਟੀ.ਸੀ. ਬੀ.ਕੇ.ਬਿਰਦੀ, ਈ.ਟੀ.ਸੀ. ਆਰ.ਕੇ. ਆਹੂਜਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਸ ਵਿਭਾਗ ਨਾਲ ਮਿਲ ਕੇ ਪਿੰਡ ਮਹਾਲਮ ਅਤੇ ਢਾਣੀ ਪ੍ਰੇਮ ਸਿੰਘ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ।ਇਸ ਛਾਪੇਮਾਰੀ ਦੌਰਾਨ ਘਰਾਂ ਅਤੇ ਹੋਰ ਥਾਵਾਂ 'ਤੇ ਸ਼ਰਾਬ ਤਿਆਰ ਕਰਨ ਲਈ ਬਣਾਈਆਂ ਡਿੱਗੀਆਂ ਤੋਂ 2500 ਲੀਟਰ ਨਾਜਾਇਜ਼ ਸ਼ਰਾਬ ਅਤੇ 35 ਹਜ਼ਾਰ ਲੀਟਰ ਲਾਹਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਸ਼ਰਾਬ ਤਿਆਰ ਕਰਨ ਲਈ ਪ੍ਰਯੋਗ 'ਚ ਲਿਆਉਣ ਵਾਲਾ ਸਮਾਨ ਵੀ ਬਰਾਮਦ ਕਰਦਿਆਂ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਕਿਹਾ ਕਿ ਹੋਰਨਾਂ ਦੋਸ਼ੀਆਂ ਦੇ ਖਿਲਾਫ ਕਾਨੂਨੀ ਕਾਰਵਾਈ ਚੱਲ ਰਹੀ ਹੈ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।