ਪਤੀ ਕਰਦਾ ਸੀ ਸ਼ੱਕ, ਪਤਨੀ ਨੇ ਤੰਗ ਆ ਕੇ ਕਰ ਦਿੱਤਾ ਕਤਲ

05/20/2018 10:24:15 AM

ਛੱਤੀਸਗੜ੍ਹ— ਦੰਤੇਵਾੜਾ ਦੇ ਕਿਰੰਦੁਲ ਨਗਰ ਥਾਣਾ ਇਲਾਕੇ 'ਚ ਪਤਨੀ ਵੱਲੋਂ ਪਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਵੱਲੋਂ ਹੋ ਰਹੇ ਅੱਤਿਆਚਾਰ ਅਤੇ ਹੋਰ ਮਰਦਾਂ ਨਾਲ ਸੰਬੰੰਧਾਂ ਦੇ ਸ਼ੱਕ ਤੋਂ ਪਰੇਸ਼ਾਨ ਪਤਨੀ ਨੇ ਆਪਣੇ ਪਤੀ ਰਵੀ ਠਾਕੁਰ ਦਾ ਕਤਲ ਕਰ ਦਿੱਤਾ। ਪੁਲਸ ਨੇ ਮਾਮਲਾ 24 ਘੰਟੇ ਦੇ ਅੰਦਰ ਸੁਲਝਾ ਲਿਆ ਅਤੇ ਦੋਸ਼ੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ। 
ਕਿਰੰਦੁਲ ਥਾਣਾ ਪੁਲਸ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਵੀ ਠਾਕੁਰ ਦੀ ਰਾਮਾਬੂਟੀ ਝਰਨੇ ਨੇੜੇ 17 ਮਈ ਨੂੰ ਸ਼ੱਕੀ ਹਾਲਤ 'ਚ ਲਾਸ਼ ਮਿਲੀ ਸੀ। ਦੋਸ਼ੀ ਪਤੀ ਊਸ਼ਾ ਠਾਕੁਰ ਨੇ ਥਾਣੇ 'ਚ ਪਤੀ ਦੇ ਕਤਲ ਹੋ ਜਾਣ ਅਤੇ ਲਾਸ਼ ਰਾਮਾਬੂਟੀ ਝਰਨੇ ਕੋਲ ਪਈ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਪਤਨੀ ਦੀ ਰਿਪੋਰਟ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਲਾਸ਼ ਦੀ ਪਛਾਣ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਪੁੱਛਗਿਛ ਦੌਰਾਨ ਘਬਰਾਈ ਪਤਨੀ ਨੇ ਸਾਰਾ ਸੱਚ ਦੱਸ ਦਿੱਤਾ ਅਤੇ ਜ਼ੁਰਮ ਕਬੂਲ ਕਰ ਲਿਆ। ਪੁਲਸ ਮੁਤਾਬਕ ਊਸ਼ਾ ਠਾਕੁਰ ਨੇ ਰਵੀ ਠਾਕੁਰ ਦਾ ਗਲਾ ਦਬਾ ਕੇ ਕਤਲ ਕੀਤਾ ਸੀ। ਇਸ ਦੇ ਲਈ ਊਸ਼ਾ ਨੇ 17 ਮਈ ਨੂੰ ਰਾਮਾਬੂਟੀ ਝਰਨੇ 'ਤੇ ਪਿਕਨਿਕ ਦੀ ਯੋਜਨਾ ਬਣਾਈ, ਜਿੱਥੇ ਪਤਨੀ ਨੇ ਪਤੀ ਨੂੰ ਸ਼ਰਾਬ ਪਿਲਾਈ। ਨਸ਼ੇ ਦੀ ਹਾਲਤ 'ਚ ਦੋਸ਼ੀ ਔਰਤ ਨੇ ਗਲਾ ਦਬਾ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਦੋਸ਼ੀ ਔਰਤ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕ ਰਵੀ ਹਮੇਸ਼ਾ ਉਸ 'ਤੇ ਸ਼ੱਕ ਕਰਦਾ ਸੀ ਅਤੇ ਰੋਜ਼ ਸ਼ਰਾਬ ਪੀ ਕੇ ਉਸ ਨੂੰ ਕੁੱਟਦਾ ਸੀ। ਉਸ ਨੂੰ ਕਤਲ ਕਰਨ ਦਾ ਕੋਈ ਦੁੱਖ ਨਹੀਂ ਹੈ। ਰਵੀ ਨੇ ਮੇਰਾ ਜੀਵਨ ਨਰਕ ਬਣਾ ਦਿੱਤਾ ਸੀ ਅਤੇ ਇਸ ਦੇ ਇਲਾਵਾ ਮੇਰੇ ਕੋਲ ਕੋਈ ਰਸਤਾ ਨਹੀਂ ਸੀ।