ਕਾਰ ਅਤੇ ਬਾਈਕ ਦੀ ਸਰਵਿਸ ਹੋਣ ਜਾ ਰਹੀ ਹੈ ਮਹਿੰਗੀ, ਜਾਣੋ ਕਿਉਂ?

05/24/2018 4:57:51 PM

ਨਵੀਂ ਦਿੱਲੀ — ਜੇਕਰ ਤੁਸੀਂ ਆਉਣ ਵਾਲੇ ਦਿਨਾਂ ਵਿਚ ਕਾਰ ਜਾਂ ਬਾਈਕ ਦੀ ਸਰਵਿਸ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੀ ਪਰੇਸ਼ਾਨੀ ਵਧਣ ਵਾਲੀ ਹੈ। ਪੈਟਰੋਲ ਅਤੇ ਡੀਜ਼ਲ ਤੋਂ ਬਾਅਦ ਹੁਣ ਮੋਬਿਲ ਆਇਲ ਦੇ ਭਾਅ ਵੀ ਵਧਣ ਵਾਲੇ ਹਨ, ਜਿਸ ਕਾਰਨ ਕਾਰ ਅਤੇ ਬਾਈਕ ਦੀ ਸਰਵਿਸ ਮਹਿੰਗੀ ਹੋਣ ਵਾਲੀ ਹੈ। ਮੋਬਿਲ ਆਇਲ ਦੀ ਕੀਮਤਾਂ ਦੇ ਵਧਣ ਦਾ ਕਾਰਨ ਕੱਚੇ ਤੇਲ ਨੂੰ ਮੰਨਿਆ ਜਾ ਰਿਹਾ ਹੈ।
ਕੱਚਾ ਤੇਲ 80 ਡਾਲਰ ਦੇ ਪਾਰ
ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਲਗਾਤਾਰ ਜਾਰੀ ਹੈ। ਬ੍ਰੇਂਟ ਕਰੂਡ 80 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਿਆ। ਨਵੰਬਰ 2014 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕੱਚਾ ਤੇਲ 80 ਡਾਲਰ ਪ੍ਰਤੀ ਬੈਰਲ ਦੇ ਪਾਰ ਚਲਾ ਗਿਆ। ਇਸ ਨਾਲ ਤੇਲ ਕੰਪਨੀਆਂ ਦੀ ਲਾਗਤ ਵਧੇਗੀ ਅਤੇ ਇਸ ਲਾਗਤ ਨੂੰ ਪੂਰਾ ਕਰਨ ਲਈ ਤੇਲ ਕੰਪਨੀਆਂ, ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰ ਸਕਦੀਆਂ ਹਨ। ਮਾਹਰਾਂ ਅਨੁਸਾਰ ਓਪੇਕ ਅਤੇ ਰੂਸ ਨੇ ਉਤਪਾਦਨ ਘਟਾ ਦਿੱਤਾ। ਦੂਸਰੇ ਪਾਸੇ ਈਰਾਨ ਵਲੋਂ ਵੀ ਸਪਲਾਈ ਘਟਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸਾਲ 2018 'ਚ ਹੁਣ ਤੱਕ ਕੱਚੇ ਤੇਲ ਦੀ ਕੀਮਤ ਵਿਚ 20 ਫੀਸਦੀ ਦੀ ਤੇਜ਼ੀ ਆ ਚੁੱਕੀ ਹੈ। ਜੂਨ 2017 'ਚ ਕੱਚੇ ਤੇਲ ਦੀ ਕੀਮਤ 44.82 ਡਾਲਰ ਪ੍ਰਤੀ ਬੈਰਲ ਸੀ,  ਵੀਰਵਾਰ ਨੂੰ ਕੱਚਾ ਤੇਲ 80.18 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ। ਪੈਟਰੋਲ ਦੀ ਭਾਅ ਵੈਸੇ ਹੀ 85 ਰੁਪਏ ਦਾ ਅੰਕੜਾ ਪਾਰ ਕਰ ਚੁੱਕੇ ਹਨ।
ਕੀ ਹੈ ਮੋਬਿਲ ਆਇਲ 
ਜ਼ਿਕਰਯੋਗ ਹੈ ਕਿ ਕੱਚੇ ਤੇਲ ਦੀ ਸੋਧ ਕਰਨ ਸਮੇਂ ਸਾਨੂੰ ਬਿਊਟੇਨ ਅਤੇ ਪ੍ਰੋਪੇਨ ਨਾਮ ਦੀਆਂ ਕੁਦਰਤੀ ਗੈਸਾਂ, ਗ੍ਰੀਸ, ਮੋਮ, ਪਲਾਸਟਿਕ, ਮੋਬਿਲ ਆਇਲ, ਪੈਟਰੋਲ ਅਤੇ ਡੀਜ਼ਲ ਪ੍ਰਾਪਤ ਹੁੰਦਾ ਹੈ। ਮੋਬਿਲ ਆਇਲ ਬਹੁਤ ਹੀ ਗ੍ਰਿਸੀ(ਚਿਕਨਾ) ਪਦਾਰਥ ਹੁੰਦਾ ਹੈ ਜੋ ਕਿ ਦੋ ਧਾਤੂਆਂ ਦੇ ਆਪਸ ਵਿਚ ਘਸਣ(ਰਗੜਣ) ਦੀ ਪ੍ਰਕਿਰਿਆ ਨੂੰ ਘੱਟ ਕਰਦਾ ਹੈ ਅਤੇ ਧਾਤੂ ਨੂੰ ਲੰਮੇ ਸਮੇਂ ਤੱਕ ਸੁਰੱਖਿਅਤ ਰੱਖਦਾ ਹੈ।