ਚੰਗੇ ਡਰਾਅ ਨਾਲ ਏਸ਼ੀਆਡ ''ਚ ਵੀ ਤਮਗੇ ਜਿੱਤ ਸਕਦੇ ਹਾਂ : ਸਾਥੀਆਨ

05/10/2018 11:02:26 AM

ਮੁੰਬਈ (ਬਿਊਰੋ)— ਪਿਛਲੇ ਮਹੀਨੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੇ ਟੇਬਲ ਟੈਨਿਸ ਖਿਡਾਰੀ ਜੀ. ਸਾਥੀਆਨ ਦੀਆਂ ਨਜ਼ਰਾਂ ਹੁਣ ਅਗਸਤ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ 'ਤੇ ਲੱਗੀਆਂ ਹਨ ਜਿਸ 'ਚ ਉਨ੍ਹਾਂ ਨੂੰ ਮੁਸ਼ਕਲ ਮੁਕਾਬਲੇ ਦਾ ਸਾਹਮਣਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਢੁਕਵੇਂ ਡਰਾਅ ਮਿਲਣ 'ਤੇ ਭਾਰਤ ਟੇਬਲ ਟੈਨਿਸ 'ਚ ਤਮਗਾ ਜਿੱਤ ਸਕਦਾ ਹੈ। ਸਾਥੀਆਨ ਨੇ ਕਿਹਾ, ''ਅਸੀਂ ਚੰਗਾ ਖੇਡ ਰਹੇ ਹਾਂ ਅਤੇ ਆਤਮਵਿਸ਼ਵਾਸ ਵਧਿਆ ਹੋਇਆ ਹੈ। ਰਾਸ਼ਟਰਮੰਡਲ ਖੇਡ 'ਚ ਪ੍ਰਦਰਸ਼ਨ ਚੰਗਾ ਸੀ ਪਰ ਏਸ਼ੀਆਈ ਖੇਡਾਂ 'ਚ ਚੁਣੌਤੀ ਵੱਧ ਮੁਸ਼ਕਲ ਹੋਵੇਗੀ ਕਿਉਂਕਿ ਇਸ 'ਚ ਚੋਟੀ ਦੇ ਖਿਡਾਰੀ ਹਿੱਸਾ ਲੈ ਰਹੇ ਹਨ। 

ਇਹ ਪੁੱਛਣ 'ਤੇ ਕਿ ਕੀ ਸਭ ਕੁਝ ਡਰਾਅ 'ਤੇ ਨਿਰਭਰ ਕਰੇਗਾ, ਉਨ੍ਹਾਂ ਕਿਹਾ, ''ਬਿਲਕੁਲ। ਜੇਕਰ ਤੁਹਾਨੂੰ ਕੁਆਰਟਰਫਾਈਨਲ 'ਚ ਚੀਨ ਨਾਲ ਖੇਡਣਾ ਪਵੇ ਤਾਂ ਮੁਸ਼ਕਲ ਹੋਵੇਗੀ। ਕੋਰੀਆ ਜਾਂ ਜਾਪਾਨ ਦੇ ਖਿਲਾਫ ਅਸੀਂ ਫਿਰ ਤੋਂ ਉਲਟਫੇਰ ਕਰ ਸਕਦੇ ਹਾਂ। ਅਸੀਂ ਭਵਿੱਖ 'ਚ ਚੀਨ ਨੂੰ ਹਰਾ ਸਕਦੇ ਹਾਂ ਪਰ ਅਜੇ ਨਹੀਂ।'' ਸਾਥੀਆਨ ਨੇ ਕਿਹਾ ਕਿ ਭਾਰਤ ਨੇ ਭਾਵੇਂ ਹੀ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਿਆ ਹੋਵੇ ਪਰ ਤਕਨੀਕ ਅਤੇ ਮਾਨਸਿਕ ਅਨੁਕੂਲਨ 'ਤੇ ਮਿਹਨਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ''ਅਸੀਂ ਚੰਗਾ ਖੇਡ ਰਹੇ ਹਾਂ ਪਰ ਤਕਨੀਕੀ, ਮਾਨਸਿਕ ਅਨੁਕੂਲਨ ਅਤੇ ਹੋਰ ਪਹਿਲੂਆਂ 'ਤੇ ਕੰਮ ਕਰਨਾ ਹੋਵੇਗਾ।''