ਕਿਸਾਨਾਂ ਨੇ ਰੇਹੜੀ ਵਾਲਿਆਂ ਦੀਆਂ ਸਬਜ਼ੀਆਂ ਸੜਕਾਂ ''ਤੇ ਖਿਲਾਰੀਆਂ

06/03/2018 6:23:05 AM

ਫਗਵਾੜਾ, (ਜਲੋਟਾ, ਹਰਜੋਤ, ਰੁਪਿੰਦਰ ਕੌਰ)— ਰਾਸ਼ਟਰੀ ਕਿਸਾਨ ਮੰਚ ਇੰਡੀਆ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਸ਼ੁਰੂ ਕੀਤਾ ਗਿਆ ਕਿਸਾਨ ਅੰਦੋਲਨ ਦਾ ਪ੍ਰਭਾਵ ਅੱਜ ਫਗਵਾੜਾ ਵਿਚ ਵੀ ਵੇਖਣ ਨੂੰ ਮਿਲਿਆ। ਇਸ ਦੌਰਾਨ ਸਬਜ਼ੀ ਮੰਡੀ ਵਿਚ ਪੁਲਸ ਫੋਰਸ ਤਾਇਨਾਤ ਵੀ ਦੇਖੀ ਗਈ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਬੈਨਰ ਹੇਠ ਫਗਵਾੜਾ ਵਿਚ ਗੁੱਸੇ ਵਿਚ ਆਏ ਕਿਸਾਨਾਂ ਨੇ ਸਬਜ਼ੀ ਮੰਡੀ ਵਿਚ ਪਹੁੰਚ ਕੇ ਜਿਥੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ, ਉਥੇ ਹੀ ਅੰਦੋਲਨਕਾਰੀਆਂ ਨੇ ਰੇਹੜੀ ਵਾਲਿਆਂ ਦੀਆਂ ਸਬਜ਼ੀਆਂ ਸੜਕਾਂ 'ਤੇ ਖਿਲਾਰ ਦਿੱਤੀਆਂ। 
ਇਸ ਸਬੰਧੀ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਸਾਹਨੀ ਅਤੇ ਹੋਰ ਕਿਸਾਨਾਂ ਨੇ ਕਿਹਾ ਕਿ ਉਕਤ ਕਿਸਾਨ ਅੰਦੋਲਨ 1 ਜੂਨ ਤੋਂ 10 ਜੂਨ ਤਕ ਪੂਰੇ ਜੋਸ਼ ਨਾਲ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ 'ਚ ਕਿਸਾਨ ਅਤੇ ਕਿਰਸਾਨੀ ਨੂੰ ਖਤਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਦੇਸ਼ ਦਾ ਅੰਨਦਾਤਾ ਕਿਸਾਨ ਨੂੰ ਸਰਕਾਰੀ ਤੌਰ 'ਤੇ ਸਹੂਲਤਾਂ ਮਿਲਦੀਆਂ ਸਨ ਅਤੇ 'ਜੈ ਜਵਾਨ, ਜੈ ਕਿਸਾਨ' ਦਾ ਨਾਅਰਾ ਦੇਸ਼ ਦੀ ਸ਼ਾਨ ਬਣਿਆ ਸੀ ਪਰ ਅੱਜ ਮੋਦੀ ਰਾਜ ਵਿਚ ਸਰਕਾਰ ਕਿਸਾਨਾਂ ਦੇ ਹਿੱਤਾਂ ਦਾ ਗਲਾ ਘੁੱਟ ਰਹੀ ਹੈ। ਕਰਜ਼ੇ ਹੇਠ ਦੱਬੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ ਪਰ ਸਰਕਾਰ ਅਤੇ ਸਰਕਾਰੀ ਅਧਿਕਾਰੀ ਡੂੰਘੀ ਨੀਂਦ ਸੌਂ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ ਕਿ ਉਥੇ ਖੇਤੀ ਕਰਨਾ ਮੁਸ਼ਕਲ ਹੋ ਗਿਆ ਹੈ। ਪ੍ਰਦੇਸ਼ ਦੇ ਗੰਨਾ ਕਿਸਾਨਾਂ ਦਾ ਪਹਿਲਾਂ ਤੋਂ ਹੀ 900 ਕਰੋੜ ਅਜੇ ਤਕ ਸਰਕਾਰ ਦੇ ਵਲੋਂ ਜਾਰੀ ਨਹੀਂ ਕੀਤਾ ਗਿਆ। ਆਖਿਰ ਕਿਸਾਨ ਕਿਥੇ ਜਾਣ ਅਤੇ ਕਿਸ ਤਰ੍ਹਾਂ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਨ? ਗੁੱਸੇ ਨਾਲ ਭਰੇ ਕਿਸਾਨਾਂ ਨੇ ਕਿਹਾ ਕਿ ਹੁਣ ਇਹ ਸੰਘਰਸ਼ ਜਾਰੀ ਰਹੇਗਾ। ਜਦੋਂ ਤਕ ਸਰਕਾਰ ਸਬਜ਼ੀਆਂ ਦੇ ਮੁੱਲਾਂ ਨੂੰ ਨਹੀਂ ਵਧਾਉਂਦੀ, ਪੈਟਰੋਲ ਤੇ ਡੀਜ਼ਲ ਦੇ ਰੇਟਾਂ ਨੂੰ ਨਹੀਂ ਘਟਾਉਂਦੀ ਤੇ ਕਿਸਾਨ ਦੀਆਂ ਸਮੱਸਿਆ ਦਾ ਹੱਲ ਨਹੀਂ ਕਰਦੀ। ਇਸ ਮੌਕੇ ਸ਼ਹਿਰ ਵਿਚ ਰੋਸ ਮਾਰਚ ਵੀ ਕੱਢਿਆ ਗਿਆ।