ਕਿਸਾਨਾਂ ਵੱਲੋਂ ਮੰਗਾਂ ਸਬੰਧੀ ਸਰਕਾਰ ਵਿਰੁੱਧ ਨਾਅਰੇਬਾਜ਼ੀ

05/11/2018 10:10:18 AM

ਕਪੂਰਥਲਾ (ਗੁਰਵਿੰਦਰ ਕੌਰ)—ਸਰਬ ਭਾਰਤੀ ਕਿਸਾਨ ਸੰਘਰਸ਼ ਸੰਮਤੀ ਸੱਦੇ 'ਤੇ ਕਿਰਤੀ ਕਿਸਾਨ ਯੂਨੀਅਨ ਕਪੂਰਥਲਾ ਦੇ ਆਗੂਆਂ ਵਲੋਂ ਆਪਣੀਆਂ ਮੰਗਾਂ ਸਬੰਧੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਇਕ ਮੰਗ ਪੱਤਰ ਲੋਕਸਭਾ ਦੇ ਸਪੀਕਰ ਤੇ ਰਾਜ ਸਭਾ ਦੇ ਪ੍ਰਧਾਨ ਦੇ ਨਾਮ ਏ. ਡੀ. ਸੀ. (ਜ) ਰਾਹੁਲ ਚਾਬਾ ਨੂੰ ਦਿੱਤਾ। 
ਯੂਨੀਅਨ ਆਗੂ ਬਲਵਿੰਦਰ ਸਿੰਘ ਬਾਜਵਾ ਤੇ ਰਛਪਾਲ ਸਿੰਘ ਫਜ਼ਲਾਬਾਦ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਨ ਤੇ ਸਪੋਰਟ ਪ੍ਰਾਈਸ ਆਦਿ ਮੁੱਖ ਮੰਗਾਂ ਨੂੰ ਲੈ ਕੇ ਘੱਟੋ-ਘੱਟ 20 ਦਿਨਾਂ ਦਾ ਪਾਰਲੀਮੈਂਟ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ, ਜਿਸ 'ਚ ਸਮੁੱਚੇ ਕਿਸਾਨੀ ਤੇ ਖੇਤੀ ਸੰਕਟ ਸਬੰਧੀ ਵਿਚਾਰ ਚਰਚਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਦਾ ਪਾਰਲੀਮੈਂਟ ਸੈਸ਼ਨ ਅੰਬਾਨੀ ਦੇ ਗੈਸ ਮਸਲੇ 'ਤੇ ਕਈ ਦਿਨ ਵਿਚਾਰਾਂ ਕਰ ਸਕਦਾ ਹੈ ਤਾਂ ਖੇਤੀ ਸੰਕਟ ਸਬੰਧੀ ਸੈਸ਼ਨ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਨੀਤੀ ਉਦਯੋਗ ਦੇ ਮੁਖੀ ਰਾਮਾਚੰਦਰਾ ਦਾ ਬਿਆਨ ਸਪੱਸ਼ਟ ਕਰਦਾ ਹੈ ਕਿ ਸਰਕਾਰ ਕਰਜ਼ਾ ਮੁਆਫੀ ਤੇ ਖੇਤੀ ਸਬਸਿਡੀਆਂ ਤੋਂ ਭੱਜ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵਲੋਂ ਚੋਣ ਪੱਤਰ 'ਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੰਨਣ ਦੀ ਗੱਲ ਕਹੀ ਗਈ ਹੈ ਪਰ ਸਰਕਾਰ ਹੁਣ ਉਸ ਤੋਂ ਵੀ ਮੁਕਰ ਰਹੀ ਹੈ। ਇਸ ਮੌਕੇ ਸਮਸ਼ੇਰ ਸਿੰਘ ਰੱਤੜਾ, ਮਾਸਟਰ ਚਰਨ ਸਿੰਘ, ਨਿਰੰਜਨ ਸਿੰਘ, ਜੈਪਾਲ ਸਿੰਘ ਫਗਵਾੜਾ, ਹਰਬੰਸ ਸਿੰਘ ਮੱਟੂ, ਬਲਦੇਵ ਸਿੰਘ, ਪਰਮਜੀਤ ਸਿੰਘ ਭੀਲਾ, ਤਰਸੇਮ ਸਿੰਘ ਬੰਟੀ ਵਾਲੀਆ, ਅਮਰੀਕ ਸਿੰਘ, ਬਲਵਿੰਦਰ ਭੁੱਲਰ, ਰਘਬੀਰ ਸਿੰਘ, ਸੇਵਾ ਸਿੰਘ, ਰਸ਼ਪਾਲ ਸਿੰਘ ਆਦਿ ਹਾਜ਼ਰ ਸਨ।