ਯੂਰਪ ਦੇ ਸਭ ਤੋਂ ਵੱਡੇ ਦੂਸ਼ਿਤ ਸ਼ਹਿਰਾਂ ''ਚ ਸ਼ਾਮਲ ਹੋਇਆ ''ਰੋਮ''

05/22/2018 8:03:03 PM

ਰੋਮ ਇਟਲੀ,(ਕੈਂਥ)— ਯੂਰਪ ਦੇ 13 ਦੇਸ਼ਾਂ ਦੇ ਰਾਜਧਾਨੀ ਸ਼ਹਿਰ ਦੇ ਵਾਤਾਵਰਨ ਦੀ ਸੁੱਧਤਾ ਨੂੰ ਲੈ ਕੇ ਸਰਵੇ ਕਰਨ ਵਾਲੀ ਵਾਤਾਵਰਣ ਸੰਸਥਾ ਗਰੀਨਪੀਸ ਦੀ ਸੂਚੀ 'ਚ ਹੁਣ ਇਟਲੀ ਦਾ ਇਤਿਹਾਸਕ ਸ਼ਹਿਰ ਰੋਮ ਵੀ ਦੂਸ਼ਿਤ ਸ਼ਹਿਰਾਂ 'ਚ ਸ਼ਾਮਲ ਹੋ ਗਿਆ ਹੈ ਕਿਉਂਕਿ ਰੋਮ 'ਚ ਪੂਰੀ ਇਟਲੀ ਦੇ ਸ਼ਹਿਰਾਂ ਦੇ ਮੁਕਾਬਲੇ ਲੋਕ ਜ਼ਿਆਦਾ ਕਾਰਾਂ ਜਾਂ ਸਕੂਟਰਾਂ 'ਤੇ ਹੀ ਯਾਤਰਾ ਕਰਦੇ ਹਨ। ਵਾਤਾਵਰਨ ਸੰਸਥਾ ਮੁਤਾਬਕ ਰੋਮ 'ਚ ਸੰਘਣੀ ਅਤੇ ਲੰਬਾ ਟ੍ਰੈਫਿਕ ਵਾਤਾਵਰਨ ਨੂੰ ਵੱਡੇ ਪੱਧਰ 'ਤੇ ਦੂਸ਼ਿਤ ਕਰਦਾ ਹੈ। ਰੋਮ 'ਚ ਤਕਰੀਬਨ 65 ਫੀਸਦੀ ਲੋਕ ਆਪਣੇ ਨਿੱਜੀ ਵਾਹਨ ਮੋਟਰ-ਗੱਡੀਆਂ ਦੁਆਰਾ ਹੀ ਯਾਤਰਾ ਕਰਦੇ ਹਨ ਜਦਕਿ ਕਿ ਇਸ ਦੇ ਮੁਕਾਬਲੇ ਲੰਡਨ 'ਚ 37 ਫੀਸਦੀ, ਬਰਲਿਨ 'ਚ 30 ਫੀਸਦੀ ਅਤੇ ਪੈਰਿਸ 'ਚ ਸਿਰਫ 16 ਫੀਸਦੀ ਤੋਂ ਵੀ ਘੱਟ ਲੋਕ ਅਜਿਹਾ ਕਰਦੇ ਹਨ। ਲੋਕ ਸੈਰ-ਸਪਾਟੇ ਦੀ ਰਿਪੋਰਟ ਮੁਤਾਬਕ ਐੱਮਸਟਰਡੈਮ 'ਚ 32 ਫੀਸਦੀ ਦੇ ਵਿਰੁੱਧ ਸਿਰਫ 1 ਫੀਸਦੀ ਲੋਕ ਆਪਣੇ ਮੋਟਰਸਾਈਕਲ ਦੁਆਰਾ ਸਫਰ ਕਰਦੇ ਹਨ ਜਦਕਿ ਮਾਸਕੋ 'ਚ 3 ਫੀਸਦੀ ਅਤੇ ਰੋਮ 'ਚ 1 ਫੀਸਦੀ ਲੋਕ ਪੈਦਲ ਯਾਤਰਾ ਕਰਦੇ ਹਨ। ਰੋਮ 'ਚ ਪਬਲਿਕ ਟਰਾਂਸਪੋਰਟ ਦੁਆਰਾ 29 ਫੀਸਦੀ ਲੋਕ ਯਾਤਰਾ ਕਰਦੇ ਹਨ ਜਦਕਿ ਬਰਲਿਨ ਜਾ ਬਰਸੱਲਜ਼ ਦੇ ਮੁਕਾਬਲੇ ਰੋਮ 'ਚ ਆਪਣੇ ਨਿੱਜੀ ਵਾਹਨਾਂ 'ਤੇ ਭਰੋਸਾ ਕਰਨ ਵਾਲੇ ਲੋਕਾਂ ਦੀ ਗਿਣਤੀ ਵਧੇਰੇ ਹੈ। ਵਾਤਾਵਰਨ ਨੂੰ ਸੁੱਧ ਕਰਨ ਵਾਲੀ ਗਰੀਨਪੀਸ ਨੇ ਰੋਮ ਦੀ ਪਬਲਿਕ ਟਰਾਂਸਪੋਰਟ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਇਹ ਸਿਰਫ 1,50 ਯੂਰੋ 'ਚ ਮੁਹੱਈਆ ਹੈ ਜੋ ਕਿ ਵਾਤਾਵਰਨ ਲਈ ਵੀ ਠੀਕ ਹੈ ਤੇ ਇਕ ਘੰਟੇ ਦੀ ਪਾਰਕਿੰਗ ਤੋਂ ਵੀ ਸਸਤੀ ਹੈ। 
ਜ਼ਿਕਰਯੋਗ ਹੈ ਰੋਮ ਨਿਵਾਸੀਆਂ ਲਈ ਸ਼ਹਿਰ 'ਚ ਬਾਈਕ ਦੁਆਰਾ ਜਾਂ ਪੈਦਲ ਚੱਲਣਾ ਖਤਰਾ ਸਾਬਤ ਹੋ ਰਿਹਾ ਹੈ ਕਿਉਂਕਿ 2016 'ਚ 47 ਪੈਦਲ ਚੱਲਣ ਵਾਲੇ ਅਤੇ 25 ਸਾਇਕਲ ਚਲਾਉਣ ਵਾਲੇ ਸੜਕ ਹਾਦਸਿਆਂ 'ਚ ਮਾਰੇ ਗਏ ਸਨ। ਜਿਸ ਕਾਰਨ ਰੋਮ ਸ਼ਹਿਰ ਦੀਆਂ ਸੜਕਾਂ ਨੂੰ ਪੈਦਲ ਜਾਂ ਸਾਈਕਲ ਚਲਾਉਣ ਵਾਲਿਆਂ ਲਈ ਖਤਰਨਾਕ ਮੰਨਿਆ ਗਿਆ ਹੈ। ਸਾਲ 2016 'ਚ ਹੀ 10,000 ਸਾਈਕਲ ਸਵਾਰਾਂ 'ਚੋਂ 110 ਅਤੇ 10,000 ਪੈਦਲ ਚੱਲਣ ਵਾਲਿਆਂ 'ਚੋਂ 133 ਲੋਕ ਦੁਰਘਟਨਾ ਦਾ ਸ਼ਿਕਾਰ ਹੋਏ ਸਨ। ਇਸ ਹਫਤੇ ਇਕ ਹੋਰ ਸਰਵੇਖਣ 'ਚ ਯੂਰਪੀਅਨ ਕਮਿਸ਼ਨ ਨੇ ਦੱਸਿਆ ਕਿ ਰੋਮ ਨਿਵਾਸੀ ਲੋਕ ਸ਼ਿਕਾਇਤਾਂ ਕਰਦੇ ਹਨ ਕਿ ਉਨ੍ਹਾਂ ਦਾ ਸ਼ਹਿਰ ਹੋਰ ਯੂਰਪੀਅਨ ਦੇਸ਼ਾਂ ਦੀ ਰਾਜਧਾਨੀ ਸ਼ਹਿਰ ਮੁਕਾਬਲੇ ਜ਼ਿਆਦਾ ਗੰਦਾ ਹੈ। 2015 'ਚ ਰਾਜਧਾਨੀ ਸ਼ਹਿਰਾਂ ਦੀ ਸਫਾਈ ਨੂੰ ਲੈ ਕੇ 95 ਫੀਸਦੀ ਲਕਸਮਬਰਗ ਲੋਕ, 69 ਫੀਸਦੀ ਕੋਪੇਨਹੇਗਨ ਲੋਕ, 49 ਫੀਸਦੀ ਪੈਰਿਸ ਲੋਕ, 38 ਫੀਸਦੀ ਮੈਡਰਿਡ ਲੋਕ ਅਤੇ 9 ਫੀਸਦੀ ਰੋਮਨ ਲੋਕ ਸੰਤੁਸ਼ਟ ਹਨ।