ਚੋਂਦੀਆਂ ਛੱਤਾਂ ਹੇਠਾਂ ਪੜ੍ਹ ਰਿਹਾ ਹੈ ''ਦੇਸ਼ ਦਾ ਭਵਿੱਖ''

05/26/2018 12:51:51 AM

ਰਾਜਪੁਰਾ(ਹਰਵਿੰਦਰ)-ਸਿੱਖਿਆ ਵਿਭਾਗ ਅਤੇ ਸਰਕਾਰਾਂ ਵੱਲੋਂ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲਾਂ ਨੂੰ ਗਰਾਂਟਾਂ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਕਈ ਪਿੰਡਾਂ ਵਿਚ ਇਸ ਦਾ 'ਸ਼ੀਸ਼ਾ' ਕੁੱਝ ਹੋਰ ਹੀ ਹੈ। ਇਸੇ ਕੜੀ ਵਿਚ ਰਾਜਪੁਰਾ ਤੋਂ ਕੁੱਝ ਦੂਰੀ 'ਤੇ ਪਿੰਡ ਪੜੋਅ ਵਿਚ ਪਿਛਲੇ ਲਗਭਗ 40 ਸਾਲਾਂ ਤੋਂ ਬਣੇ ਐਲੀਮੈਂਟਰੀ ਸਕੂਲ ਦੀ ਅਨਸੇਫ ਐਲਾਨੀ ਬਿਲਡਿੰਗ ਵਿਚ ਲਗਭਗ 45 ਬੱਚੇ ਆਪਣੀ ਪੜ੍ਹਾਈ ਕਰ ਰਹੇ ਹਨ, ਜਿੱਥੇ ਅੱਜਕਲ ਬਦਲਦੇ ਮੌਸਮ ਕਾਰਨ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਤੇ ਸਕੂਲ ਕਮੇਟੀ ਦੇ ਚੇਅਰਮੈਨ ਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੰਚਾਇਤ ਕੋਲ ਨਾ ਤਾਂ ਪੰਚਾਇਤੀ ਜ਼ਮੀਨ ਹੈ ਤੇ ਨਾ ਹੀ ਫੰਡ ਹੈ। ਫਿਰ ਵੀ ਪੰਚਾਇਤ ਵੱਲੋਂ ਸਕੁਲ ਦੀ ਹਰ ਸੰਭਵ ਮਦਦ ਆਪਣੇ ਪੱਲਿਓਂ ਕੀਤੀ ਜਾਂਦੀ ਹੈ। ਸਕੂਲ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਖਸਤਾ ਬਣੀ ਹੋਈ ਹੈ। 5 ਅਕਤੂਬਰ 2015 ਵਿਚ ਉੱਪ-ਮੰਡਲ ਅਫਸਰ ਪੰਚਾਇਤੀ ਰਾਜ ਸਬ-ਡਵੀਜ਼ਨ ਰਾਜਪੁਰਾ ਵੱਲੋਂ ਸਕੂਲ ਦੀ ਬਿਲਡਿੰਗ ਅਨਸੇਫ ਐਲਾਨ ਕੀਤੀ ਹੋਈ ਹੈ। ਸਾਰੀ ਬਿਲਡਿੰਗ ਵਿਚ ਤਰੇੜਾਂ ਪਈਆਂ ਹੋਈਆਂ ਹਨ। ਬਰਸਾਤੀ ਮੌਸਮ ਵਿਚ ਸਕੂਲ ਦੀ ਛੱਤ ਤੋਂ ਪਾਣੀ ਚੋਂਦਾ ਹੈ, ਜੋ ਕਿ ਸਕੂਲ ਵਿਚ ਖੜ੍ਹਾ ਹੋ ਜਾਂਦਾ ਹੈ। ਸਕੂਲ ਦੀਆਂ ਕੰਧਾਂ ਵੀ ਟੁੱਟੀਆਂ ਹੋਈਆਂ ਹਨ। ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਸੁਚੱਜਾ ਪ੍ਰਬੰਧ ਹੈ। ਪਿੰਡ ਦੇ ਗੁਰਦੁਆਰਾ ਸਾਹਿਬ 'ਚੋਂ ਹੀ ਸਕੂਲ ਦੇ ਬੱਚਿਆਂ ਨੂੰ ਪੀਣ ਲਈ ਪਾਣੀ ਮਿਲਦਾ ਹੈ। ਬਿਜਲੀ ਦਾ ਕੁਨੈਕਸ਼ਨ ਵੀ ਇਸ ਸਕੂਲ ਵਿਚ ਨਹੀਂ ਸੀ। ਪਿੰਡ ਵੱਲੋਂ ਹੀ ਲਾਈਟ ਮੁਹੱਈਆ ਕਰਵਾਈ ਜਾਂਦੀ ਸੀ। ਪਿਛਲੇ ਕੁੱਝ ਮਹੀਨਿਆਂ ਤੋਂ ਇੱਥੇ ਮੀਟਰ ਲਾਇਆ ਗਿਆ ਹੈ ਪਰ ਉਸ ਦਾ ਵੀ ਬਿੱਲ ਦੇਣ ਵਿਚ ਵੀ ਸਕੂਲ ਅਸਮਰੱਥ ਹੈ। ਉਨ੍ਹਾਂ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਵੱਲ ਧਿਆਨ ਦਿੰਦਿਆਂ ਇਸ ਬਿਲਡਿੰਗ ਨੂੰ ਨਵੀਂ ਬਣਾਉਣ ਦਾ ਕੋਈ ਉਪਰਾਲਾ ਕੀਤਾ ਜਾਵੇ ਤਾਂ ਜੋ ਇਥੇ ਬੱਚੇ ਸੁਰੱਖਿਅਤ ਪੜ੍ਹ ਸਕਣ ਅਤੇ ਆਪਣਾ ਭਵਿੱਖ ਉੱਜਵਲ ਕਰ ਸਕਣ। ਇਸ ਸਬੰਧੀ ਬੀ. ਪੀ. ਈ. ਓ. ਕਾਕਾ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਸਾਰੀ ਰਿਪੋਰਟ ਬਣਾ ਕੇ ਵਿਭਾਗ ਨੂੰ ਭੇਜ ਦਿੱਤੀ ਜਾਵੇਗੀ। ਜਲਦੀ ਹੀ ਇਸ ਦਾ ਹੱਲ ਹੋ ਜਾਵੇਗਾ। ਇਸ ਮੌਕੇ ਬਲਬੀਰ ਸਿੰਘ, ਕਾਲਾ ਰਾਮ, ਪਰਮਜੀਤ ਕੌਰ ਤੇ ਬਿਮਲਾ ਦੇਵੀ ਤੋਂ ਇਲਾਵਾ ਪਿੰਡ ਵਾਸੀ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।