ਜੇਲਾਂ ''ਚ ਸਟਾਫ ਦੀ ਮਿਲੀਭੁਗਤ ਨਾਲ ਕੈਦੀਆਂ ਨੂੰ ਮਿਲ ਰਿਹਾ ਨਸ਼ਾ ਤੇ ਹੋਰ ਸਹੂਲਤਾਂ

05/25/2018 12:08:41 AM

ਸਾਡੀਆਂ ਜੇਲਾਂ ਵਰ੍ਹਿਆਂ ਤੋਂ ਘੋਰ ਮਾੜੇ ਪ੍ਰਬੰਧਾਂ ਅਤੇ ਪ੍ਰਸ਼ਾਸਕੀ ਨਕਾਰਾਪਣ ਦੀਆਂ ਸ਼ਿਕਾਰ ਹਨ, ਜੋ ਕਿਰਿਆਤਮਕ ਤੌਰ 'ਤੇ ਅਪਰਾਧੀਆਂ ਵਲੋਂ ਆਪਣੀਆਂ ਨਾਜਾਇਜ਼ ਸਰਗਰਮੀਆਂ ਚਲਾਉਣ ਦਾ 'ਕੇਂਦਰ' ਬਣ ਗਈਆਂ ਹਨ। ਜ਼ਿਆਦਾਤਰ ਜੇਲਾਂ ਵਿਚ ਕੈਦੀਆਂ ਨੂੰ ਨਸ਼ੇ, ਪਾਬੰਦੀਸ਼ੁਦਾ ਚੀਜ਼ਾਂ ਅਤੇ ਹੋਰ ਸਹੂਲਤਾਂ ਉਪਲਬਧ ਹਨ। ਸਿਰਫ ਇਨ੍ਹਾਂ ਲਈ ਉਨ੍ਹਾਂ ਨੂੰ ਕੀਮਤ ਜ਼ਿਆਦਾ ਦੇਣੀ ਪੈਂਦੀ ਹੈ ਅਤੇ ਇਨ੍ਹਾਂ ਗਲਤ ਕੰਮਾਂ ਵਿਚ ਜੇਲ ਦਾ ਸਟਾਫ ਵੀ ਉਨ੍ਹਾਂ ਦਾ ਬਰਾਬਰ ਸਾਥ ਦੇ ਰਿਹਾ ਹੈ, ਜਿਸ ਦੀਆਂ ਕੁਝ ਮਿਸਾਲਾਂ ਹੇਠਾਂ ਦਰਜ ਹਨ :
* 15 ਜਨਵਰੀ ਨੂੰ ਬੁੜੈਲ ਜੇਲ ਦੇ ਵਾਰਡਨ ਨੂੰ ਜੇਲ ਅੰਦਰ ਨਸ਼ਾ ਸਪਲਾਈ ਕਰਨ ਲਈ ਜਾਂਦੇ ਸਮੇਂ ਦਬੋਚ ਕੇ ਉਸ ਦੇ ਕਬਜ਼ੇ 'ਚੋਂ 385 ਨਸ਼ੇ ਵਾਲੀਆਂ ਗੋਲੀਆਂ, 880 ਮਿਲੀਗ੍ਰਾਮ ਹੈਰੋਇਨ ਅਤੇ 6.6 ਗ੍ਰਾਮ  ਚਰਸ ਬਰਾਮਦ ਕੀਤੀ ਗਈ। ਵਾਰਡਨ ਤਸਕਰਾਂ ਤੋਂ ਨਸ਼ਾ ਖਰੀਦ ਕੇ 10 ਗੁਣਾ ਜ਼ਿਆਦਾ ਭਾਅ 'ਤੇ ਕੈਦੀਆਂ ਨੂੰ ਦਿੰਦਾ ਸੀ। 
* 21 ਫਰਵਰੀ ਨੂੰ ਅੰਮ੍ਰਿਤਸਰ ਸੈਂਟਰਲ ਜੇਲ ਵਿਚ ਬੰਦ ਕੈਦੀਆਂ ਨੂੰ ਮੋਬਾਈਲ ਫੋਨ ਸਪਲਾਈ ਕਰਨ ਵਾਲੇ ਇਕ ਜੇਲ ਵਾਰਡਨ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 7 ਮੋਬਾਈਲ ਫੋਨ ਜ਼ਬਤ ਕੀਤੇ ਗਏ। ਉਹ ਜੇਲ ਵਿਚ ਬੰਦ ਅਪਰਾਧੀਆਂ ਤਕ ਮੋਬਾਈਲ ਪਹੁੰਚਾਉਣ ਲਈ 5000 ਤੋਂ 10,000 ਰੁਪਏ ਤਕ ਲੈਂਦਾ ਸੀ। 
* 07 ਅਪ੍ਰੈਲ ਨੂੰ ਤਿਹਾੜ ਦੀ ਜੇਲ ਨੰ. 4 ਵਿਚ ਰੱਖੇ ਗਏ ਕੈਦੀਆਂ ਨੂੰ ਦੇਣ ਲਈ ਗਾਂਜਾ ਤੇ ਚਰਸ ਲਿਜਾਂਦਿਆਂ ਉਥੇ ਤਾਇਨਾਤ ਇਕ ਵਾਰਡਨ ਨੂੰ ਫੜਿਆ ਗਿਆ। ਉਸ ਦੇ ਕਬਜ਼ੇ 'ਚੋਂ 112 ਗ੍ਰਾਮ ਚਰਸ ਅਤੇ 35 ਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ।
* 19 ਅਪ੍ਰੈਲ ਨੂੰ ਮੱਧ ਪ੍ਰਦੇਸ਼ ਵਿਚ ਭੋਪਾਲ ਸੈਂਟਰਲ ਜੇਲ ਵਿਚ 2 ਮਹਿਲਾ ਗਾਰਡ ਸ਼ਾਹਰੂਨ ਨਿਸ਼ਾ ਅਤੇ ਰੇਖਾ ਬੋਰਕਰ ਕੱਪੜਿਆਂ ਵਿਚ ਲੁਕੋ ਕੇ ਕੈਦੀਆਂ ਨੂੰ ਦੇਣ ਲਈ ਤੰਬਾਕੂ, ਗੁਟਕਾ ਤੇ ਬੀੜੀਆਂ ਦੇ ਬੰਡਲ ਲਿਜਾਂਦੀਆਂ ਫੜੀਆਂ ਗਈਆਂ। 
* 06 ਮਈ ਨੂੰ ਤਿਹਾੜ ਜੇਲ ਵਿਚ ਠੱਗੀ-ਠੋਰੀ ਦੇ ਦੋਸ਼ ਹੇਠ ਬੰਦ 2 ਵਿਚਾਰਅਧੀਨ ਕੈਦੀਆਂ ਸਮੇਤ 4 ਵਿਅਕਤੀਆਂ ਨੇ ਇਕ ਪਾਰਟੀ ਦਾ ਆਯੋਜਨ ਕੀਤਾ। ਇਸ ਦੇ ਲਈ ਭੋਜਨ ਬਾਹਰੋਂ ਮੰਗਵਾਇਆ ਗਿਆ ਤੇ ਉਸ ਨੂੰ ਪਰੋਸਣ ਦਾ ਕੰਮ ਜੇਲ ਦੇ ਕੁਝ ਵਾਰਡਨਾਂ ਨੇ ਕੀਤਾ। 
* 17 ਮਈ ਨੂੰ ਜ਼ਿਲਾ ਜੇਲ ਮਾਨਸਾ ਦੇ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਨੂੰ ਕੈਦੀਆਂ ਤੇ ਹਵਾਲਾਤੀਆਂ ਨੂੰ ਵਧੀਆ ਸਹੂਲਤਾਂ ਦੇਣ ਬਦਲੇ ਉਨ੍ਹਾਂ ਤੋਂ 15,000 ਤੋਂ 25,000 ਰੁਪਏ ਤਕ ਦੀ ਮੋਟੀ ਰਿਸ਼ਵਤ ਲੈਣ ਦੇ ਪੁਰਾਣੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ।
* 17 ਮਈ ਦੀ ਸ਼ਾਮ ਨੂੰ ਸੈਂਟਰਲ ਜੇਲ ਹੁਸ਼ਿਆਰਪੁਰ 'ਚ ਤਾਇਨਾਤ ਪੈਸਕੋ ਦੇ ਇਕ ਗਾਰਡ ਨੂੰ ਉਦੋਂ ਕਾਬੂ ਕੀਤਾ ਗਿਆ, ਜਦੋਂ ਉਹ 2 ਮੋਬਾਈਲ ਫੋਨ ਅਤੇ ਵੱਡੀ ਮਾਤਰਾ ਵਿਚ ਨਸ਼ੇ ਵਾਲੀਆਂ ਗੋਲੀਆਂ ਆਪਣੀ ਪੱਗ ਵਿਚ ਲੁਕੋ ਕੇ ਜੇਲ ਅੰਦਰ ਡਿਊਟੀ 'ਤੇ ਜਾ ਰਿਹਾ ਸੀ। 
* 20-21 ਮਈ ਦੀ ਰਾਤ ਨੂੰ ਮਾਡਰਨ ਜੇਲ ਕਪੂਰਥਲਾ 'ਚ ਇਕ ਕੈਦੀ ਨੂੰ 45 ਗ੍ਰਾਮ ਨਸ਼ੀਲਾ ਪਾਊਡਰ ਪਹੁੰਚਾਉਂਦਿਆਂ ਜੇਲ ਵਾਰਡਨ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਜੇਲ ਵਿਚ ਇਸ ਸਾਲ 40 ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। 
* 23 ਮਈ ਨੂੰ ਬਠਿੰਡਾ ਜੇਲ ਵਿਚ ਬੰਦ ਇਕ ਦਰਜਨ ਤੋਂ ਜ਼ਿਆਦਾ ਕੈਦੀਆਂ ਵਲੋਂ ਜੇਲ ਮੰਤਰੀ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਲਿਖਿਆ ਇਕ ਪੱਤਰ ਬਠਿੰਡਾ ਪ੍ਰੈੱਸ ਕਲੱਬ ਵਿਚ ਪੇਸ਼ ਕੀਤਾ ਗਿਆ, ਜਿਸ ਵਿਚ ਦੋਸ਼ ਲਾਇਆ ਗਿਆ ਕਿ ਜੇਲ ਦੀ ਕੰਟੀਨ ਵਿਚ ਵੱਡੇ ਪੱਧਰ 'ਤੇ ਹੋ ਰਿਹਾ ਨਸ਼ੇ ਦਾ ਕਾਰੋਬਾਰ ਲੱਖਾਂ ਰੁਪਿਆਂ ਤਕ ਪਹੁੰਚ ਗਿਆ ਹੈ। 
ਪੱਤਰ ਅਨੁਸਾਰ ਇਸ ਦੀ ਕਮਾਈ ਕੁਝ ਖਾਸ ਕੈਦੀਆਂ ਤੋਂ ਇਲਾਵਾ ਹੌਲਦਾਰਾਂ ਤੇ ਹੋਰਨਾਂ ਅਧਿਕਾਰੀਆਂ ਦੀ ਜੇਬ ਵਿਚ ਜਾਂਦੀ ਹੈ ਅਤੇ ਕੰਟੀਨ ਵਿਚ ਤਾਇਨਾਤ ਇਕ ਕੈਦੀ 2 ਹੌਲਦਾਰਾਂ ਨੂੰ 40,000 ਰੁਪਏ ਪ੍ਰਤੀ ਹਫਤਾ ਰਿਸ਼ਵਤ ਵਜੋਂ ਦਿੰਦਾ ਹੈ। 
ਕੈਦੀਆਂ ਦਾ ਕਹਿਣਾ ਹੈ ਕਿ ਜੇਲ ਵਿਚ 10 ਰੁਪਏ ਵਾਲਾ ਬੀੜੀਆਂ ਦਾ ਬੰਡਲ 1300 ਤੋਂ 1500 ਰੁਪਏ, 5 ਰੁਪਏ ਵਾਲੀ ਤੰਬਾਕੂ ਦੀ ਪੁੜੀ 500 ਰੁਪਏ, ਚਿੱਟਾ 3500 ਰੁਪਏ ਪ੍ਰਤੀ ਗ੍ਰਾਮ ਅਤੇ 10 ਰੁਪਏ ਵਾਲੀ ਨਸ਼ੇ ਦੀ ਗੋਲੀ 300 ਰੁਪਏ ਵਿਚ ਵਿਕਦੀ ਹੈ। ਜੇਲ ਵਿਚ ਜਦੋਂ ਵੀ ਇਹ ਸਾਮਾਨ ਪਹੁੰਚਦਾ ਹੈ ਤਾਂ ਬੀੜੀਆਂ ਦੇ 50 ਬੰਡਲ, ਤੰਬਾਕੂ ਦੀਆਂ 300 ਪੁੜੀਆਂ, ਨਸ਼ੇ ਦੀਆਂ 2000 ਗੋਲੀਆਂ ਤੇ ਅੱਧਾ ਕਿੱਲੋ ਚਿੱਟਾ ਹੱਥੋ-ਹੱਥ ਵਿਕ ਜਾਂਦਾ ਹੈ। 
ਉਕਤ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਦੇਸ਼ ਦੀਆਂ ਜੇਲਾਂ ਵਿਚ ਉਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਮਿਲੀਭੁਗਤ ਕਾਰਨ ਕਿਸ ਤਰ੍ਹਾਂ ਅਵਿਵਸਥਾ ਫੈਲੀ ਹੋਈ ਹੈ। ਇਸ ਸੰਬੰਧ ਵਿਚ ਪੰਜਾਬ ਦੇ ਜੇਲ ਮੰਤਰੀ ਨੇ ਸੂਬੇ ਦੀਆਂ ਜੇਲਾਂ ਦੇ ਕੰਮਕਾਜ ਵਿਚ ਸੁਧਾਰ ਲਿਆਉਣ ਲਈ ਕੁਝ ਕਦਮ ਚੁੱਕਣੇ ਸ਼ੁਰੂ ਕੀਤੇ ਹਨ, ਜਿਨ੍ਹਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੇ ਜਾਣ ਦੀ ਲੋੜ ਹੈ ਕਿਉਂਕਿ ਜੇਲਾਂ ਵਿਚ ਅਵਿਵਸਥਾ ਦੇ ਨਾਲ ਹੀ ਦੇਸ਼ ਦੀ ਸੁਰੱਖਿਆ ਦਾ ਮਾਮਲਾ ਵੀ ਜੁੜਿਆ ਹੋਇਆ ਹੈ। 
ਦੇਸ਼ ਵਿਚ ਪਹਿਲੀ ਵਾਰ ਪੰਜਾਬ ਦੀਆਂ ਜੇਲਾਂ ਵਿਚ ਨਸ਼ਿਆਂ ਦਾ ਪਤਾ ਲਾਉਣ ਲਈ ਵਿਸ਼ੇਸ਼ ਤੌਰ 'ਤੇ ਟ੍ਰੇਂਡ 10 ਲੈਬਰਾਡੋਰ ਕੁੱਤਿਆਂ ਨੂੰ ਛੇਤੀ ਹੀ ਲਾਏ ਜਾਣ ਦੀ ਸੰਭਾਵਨਾ ਹੈ, ਜਿਨ੍ਹਾਂ ਦੀ ਵਰਤੋਂ ਜੇਲਾਂ ਵਿਚ ਨਸ਼ਿਆਂ ਦਾ ਪਤਾ ਲਾਉਣ ਲਈ ਮਾਰੇ ਜਾਣ ਵਾਲੇ ਅਚਨਚੇਤ ਛਾਪਿਆਂ ਵਿਚ ਕੀਤੀ ਜਾਵੇਗੀ। ਅਜਿਹਾ ਜਿੰਨੀ ਛੇਤੀ ਹੋਵੇ, ਓਨਾ ਹੀ ਚੰਗਾ ਹੋਵੇਗਾ।                                    
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra