ਸ਼ਰਮਨਾਕ ਹਰਕਤ: ਡਾਕਟਰ ਨੇ ਦਲਿਤ ਮਰੀਜ਼ ਨੂੰ ਛੂਹਣ ਲਈ ਮੰਗੇ 1000 ਰੁਪਏ

05/25/2018 11:17:00 AM

ਜੌਨਪੁਰ— ਡਾਕਟਰਾਂ ਨੂੰ ਸਮਾਜ ਵਿਚ ਪ੍ਰਮਾਤਮਾ ਦਾ ਦਰਜਾ ਦਿੱਤਾ ਗਿਆ ਹੈ ਪਰ ਯੂ. ਪੀ. 'ਚ ਇਸ ਦਰਜੇ ਨੂੰ ਕਲੰਕਿਤ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਥੇ ਸਰਕਾਰੀ ਹਸਪਤਾਲ ਦੇ ਇਕ ਡਾਕਟਰ ਨੇ ਇਕ ਮਰੀਜ਼ ਦਾ ਇਲਾਜ ਕਰਨ ਅਤੇ ਉਸ ਨੂੰ ਛੂਹਣ ਤੋਂ ਇਸ ਲਈ ਨਾਂਹ ਕਰ ਦਿੱਤੀ ਕਿ ਉਹ ਦਲਿਤ ਹੈ। 
ਘਟਨਾ ਯੂ. ਪੀ. ਦੇ ਜੌਨਪੁਰ ਜ਼ਿਲੇ ਦੀ ਹੈ। ਜ਼ਿਲੇ ਦੇ ਮਛਲੀ ਸ਼ਹਿਰ ਦਾ ਰਹਿਣ ਵਾਲਾ ਕੌਸ਼ਲ ਪ੍ਰਸਾਦ ਆਪਣੇ ਪਿਤਾ ਨਰਿੰਦਰ ਪ੍ਰਸ਼ਾਦ ਦਾ ਇਲਾਜ ਕਰਵਾਉਣ ਲਈ ਸਥਾਨਕ ਸਰਕਾਰੀ ਹਸਪਤਾਲ 'ਚ ਆਇਆ। ਡਾਕਟਰ ਨੂੰ ਜਦੋਂ ਪਤਾ ਲੱਗਾ ਕਿ ਮਰੀਜ਼ ਦਲਿਤ ਹੈ ਤਾਂ ਉਸ ਨੇ ਉਸ ਨੂੰ ਛੂਹਣ ਤੋਂ ਵੀ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਮਰੀਜ਼ ਨੂੰ ਛੂਹਣ ਲਈ 1000 ਰੁਪਏ ਦੇਣੇ ਹੋਣਗੇ। ਕੌਸ਼ਲ ਪ੍ਰਸਾਦ ਨੇ ਦੱਸਿਆ ਕਿ ਜਦੋਂ ਡਾਕਟਰ ਨੂੰ ਇਲਾਜ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਅਤੇ 1000 ਰੁਪਏ ਦੀ ਮੰਗ ਕੀਤੀ। ਪੈਸੇ ਦੇਣ ਤੋਂ ਨਾਂਹ ਕਰਨ 'ਤੇ ਡਾਕਟਰ ਨੇ ਮਰੀਜ਼ ਨੂੰ ਸਟਰੈਚਰ ਤੋਂ ਹੇਠਾਂ ਸੁੱਟ ਦਿੱਤਾ।