ਨਿਕਾਹ ਤੋਂ ਸਿਰਫ 15 ਮਿੰਟ ਬਾਅਦ ਹੋਇਆ ਤਲਾਕ, ਇਹ ਸੀ ਵਜ੍ਹਾ

05/25/2018 12:55:24 PM

ਦੁਬਈ (ਬਿਊਰੋ)— ਵਿਆਹ ਮਗਰੋਂ ਰਿਸ਼ਤਾ ਟੁੱਟਣ ਦੇ ਕਈ ਕਾਰਨ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਜਿਸ ਜੋੜੇ ਬਾਰੇ ਦੱਸ ਰਹੇ ਹਾਂ ਉਹ ਵਿਆਹ ਦੇ 15 ਮਿੰਟ ਬਾਅਦ ਹੀ ਵੱਖ ਹੋ ਗਿਆ। ਇਹ ਮਾਮਲਾ ਦੁਬਈ ਦਾ ਹੈ। ਇਸ ਨਵ-ਵਿਆਹੁਤਾ ਜੋੜੇ ਦੇ ਤਲਾਕ ਪਿੱਛੇ ਦਾ ਕਾਰਨ ਲਾੜੀ ਦੇ ਪਿਤਾ ਦੀ ਕੈਸ਼ ਲੈਣ ਦੀ ਬੇਚੈਨੀ ਸੀ।
ਦੁਬਈ ਵਿਚ ਹੋਏ ਇਸ ਨਿਕਾਹ ਵਿਚ ਲਾੜਾ ਆਪਣੇ ਸਹੁਰੇ ਨੂੰ 20 ਹਜ਼ਾਰ ਪੌਂਡ ਦੇਣ ਲਈ ਤਿਆਰ ਹੋਇਆ ਸੀ। ਪਰ ਉਸ ਦਾ ਸਹੁਰਾ ਕੈਸ਼ ਲੈਣ ਲਈ ਬੇਚੈਨ ਹੋ ਰਿਹਾ ਸੀ। ਉਹ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਕੈਸ਼ ਉਸ ਦੇ ਹੱਥ  ਆ ਜਾਵੇ। ਲਾੜੀ ਦੇ ਪਿਤਾ ਨੇ ਸ਼ਿਕਾਇਤ ਕੀਤੀ ਕਿ ਸਾਰੀਆਂ ਰਸਮਾਂ ਅਤੇ ਵਿਆਹ ਦੇ ਇਕਰਾਰਨਾਮੇ (Marriage Contract) ਦੇ ਦਸਤਖਤ ਹੋਣ ਦੇ ਬਾਅਦ ਵੀ ਲਾੜੇ ਨੇ ਸਾਰੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ। 
ਇਕ ਨਿਊਜ਼ ਏਜੰਸੀ ਮੁਤਾਬਕ ਲਾੜੇ ਨੇ ਅੱਧੀ ਰਾਸ਼ੀ ਵਿਆਹ ਤੋਂ ਪਹਿਲਾਂ ਦੇ ਦਿੱਤੀ ਸੀ ਅਤੇ ਬਾਕੀ ਬਚੀ ਰਾਸ਼ੀ ਵਿਆਹ ਦੇ ਇਕਰਾਰਨਾਮੇ 'ਤੇ ਦਸਤਖਤ ਹੋਣ ਮਗਰੋਂ ਦੇਣੀ ਸੀ। ਹਾਲਾਂਕਿ ਇਕਰਾਰਨਾਮੇ 'ਤੇ ਦਸਤਖਤ ਹੋਣ ਮਗਰੋਂ ਲਾੜੀ ਦੇ ਪਿਤਾ ਨੇ ਤੁਰੰਤ ਕੈਸ਼ ਦੀ ਮੰਗ ਕੀਤੀ। ਲਾੜੇ ਨੇ ਕਿਹਾ ਕਿ ਕੈਸ਼ ਉਸ ਦੀ ਕਾਰ ਵਿਚ ਹੈ ਅਤੇ ਉਸ ਨੂੰ ਕੈਸ਼ ਲਿਆਉਣ ਵਿਚ ਸਿਰਫ 5 ਮਿੰਟ ਹੀ ਲੱਗਣਗੇ। ਪਰ ਉਸ ਦਾ ਸਹੁਰਾ ਇੰਨਾ ਬੇਚੈਨ ਸੀ ਕਿ ਉਸ ਨੇ ਕਿਹਾ ਕਿ ਉਹ ਜਾਂ ਤਾਂ ਕੈਸ਼ ਹੁਣੇ ਦੇਵੇ ਜਾਂ ਫਿਰ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਕੈਸ਼ ਲਿਆਉਣ ਲਈ ਭੇਜੇ। ਇਹ ਗੱਲ ਲਾੜੇ ਦੇ ਦਿਲ 'ਤੇ ਲੱਗੀ ਅਤੇ ਉਸ ਨੇ ਸਹੁਰੇ ਦੇ ਇਸ ਵਤੀਰੇ ਨੂੰ ਆਪਣੀ ਬੇਇੱਜ਼ਤੀ ਮੰਨਿਆ। ਲਾੜੇ ਨੇ ਆਪਣੇ ਸਹੁਰੇ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਬੇਟੀ ਨੂੰ ਪਤਨੀ ਦੇ ਰੂਪ ਵਿਚ ਨਹੀਂ ਚਾਹੁੰਦਾ ਅਤੇ ਵਿਆਹ ਇਕਰਾਰਨਾਮੇ ਦੇ 15 ਮਿੰਟ ਬਾਅਦ ਹੀ ਤਲਾਕ ਦੇ ਦਿੱਤਾ। ਇਸ ਮਾਮਲੇ ਨੂੰ ਦੇਖ ਰਹੇ ਵਕੀਲ ਮੁਤਾਬਕ ਲਾੜੀ ਦੇ ਪਿਤਾ ਦੀ ਕੈਸ਼ ਪਾਉਣ ਦੀ ਬੇਚੈਨੀ ਇਸ ਰਿਸ਼ਤੇ ਦੇ ਟੁੱਟਣ ਦਾ ਕਾਰਨ ਬਣੀ। ਅਮੀਰਾਤ ਦੇ ਇਤਿਹਾਸ ਵਿਚ ਇਹ ਸਭ ਤੋਂ ਛੋਟਾ ਵਿਆਹ ਹੈ, ਜੋ ਕੁਝ ਸੈਕੰਡ ਤੱਕ ਹੀ ਚੱਲਿਆ।