ਪਰਥ ''ਚ ਝਗੜੇ ਦੌਰਾਨ ਵਿਅਕਤੀ ਨੇ ਮਾਰਿਆ ਚਾਕੂ, ਹਾਲਤ ਗੰਭੀਰ

05/17/2018 4:11:45 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਵੀਰਵਾਰ ਸਵੇਰੇ ਦੋ ਵਿਅਕਤੀਆਂ ਵਿਚਕਾਰ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਇਕ ਵਿਅਕਤੀ ਨੇ ਦੂਜੇ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ 40 ਸਾਲਾ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਮਦਦ ਲਈ ਉਹ ਬਾਲਦੀਵਿਸ ਪ੍ਰਾਇਮਰੀ ਸਕੂਲ ਵੱਲ ਦੌੜ ਗਿਆ। ਉਸ ਸਮੇਂ ਵਿਦਿਆਰਥੀ ਆਪਣੀਆਂ ਕਲਾਸਾਂ ਵਿਚ ਸਨ। ਸਕੂਲ ਪ੍ਰਸ਼ਾਸਨ ਨੇ ਇਸ ਘਟਨਾ ਦੀ ਜਾਣਕਾਰੀ ਐਮਰਜੈਂਸੀ ਸੇਵਾਵਾਂ ਨੂੰ ਦਿੱਤੀ।

ਸੈਂਟ ਜੌਨ ਐਂਬੁਲੈਂਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੈਰਾ ਮੈਡੀਕਲ ਅਧਿਕਾਰੀਆਂ ਨੂੰ 50 ਰੋਡ 'ਤੇ ਬੁਲਾਇਆ ਗਿਆ ਸੀ। ਐਮਰਜੈਂਸੀ ਸੇਵਾਵਾਂ ਨੇ ਸਕੂਲ ਦੇ ਕਾਰ ਪਾਰਕ ਵਿਚ ਪੀੜਤ ਵਿਅਕਤੀ ਦੀ ਮਦਦ ਕੀਤੀ ਅਤੇ ਫਿਰ ਇਲਾਜ ਲਈ ਉਸ ਨੂੰ ਰੌਕਿੰਗਹਮ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਪੁਲਸ ਦਾ ਕਹਿਣਾ ਹੈ ਕਿ ਬਾਲਦੀਵਿਸ ਘਰ ਵਿਚ ਦੋ ਵਿਅਕਤੀਆਂ ਵਿਚਕਾਰ ਝਗੜਾ ਹੋਇਆ ਸੀ। ਇਸ ਝਗੜੇ ਵਿਚ ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।