ਇਬੋਲਾ ਕਾਰਨ ਕਾਂਗੋ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 27

05/23/2018 1:08:22 AM

ਕਿਨਸ਼ਾਸਾ— ਡੈਮੋਕ੍ਰੇਟਿਕ ਰੀਪਬਲਿਕਨ ਕਾਂਗੋ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਸ਼ਹਿਰ 'ਚ ਹੋਈ ਮੌਤ ਤੋਂ ਬਾਅਦ ਦੇਸ਼ 'ਚ ਖਤਰਨਾਕ ਵਾਇਰਸ ਇਬੋਲਾ ਕਾਰਨ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਮਬਾਂਡਾਕਾ ਸੂਬੇ ਦੇ ਵਾਂਗਾਟਾ ਜ਼ਿਲੇ 'ਚ ਇਕ ਵਿਅਕਤੀ ਦੇ ਟੈਸਟ ਦੇ ਨਤੀਜੇ ਖਤਰਨਾਕ ਵਾਇਰਸ ਦੇ ਸਬੰਧ 'ਚ ਲੈਬ ਵਲੋਂ ਪਾਜ਼ੀਟਿਵ ਪਾਏ ਗਏ ਹਨ।
ਬਿਆਨ 'ਚ ਇਹ ਵੀ ਕਿਹਾ ਗਿਆ ਕਿ 8 ਮਈ, ਇਸ ਵਾਇਰਸ ਦੇ ਫੈਲਣ ਤੋਂ ਬਾਅਦ, ਤੋਂ ਹੁਣ ਤੱਕ ਇਸ ਦੇ 51 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਮਾਮਲਿਆਂ 'ਚੋਂ 28 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਤੇ 21 ਮਾਮਲਿਆਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ ਤੇ 2 ਹੋਰ ਮਾਮਲੇ ਸ਼ੱਕੀ ਹਨ। ਦੁਨੀਆ ਦੀਆਂ ਸਭ ਤੋਂ ਭਿਆਨਕ ਬਿਮਾਰੀਆਂ 'ਚੋਂ ਇਕ ਇਬੋਲਾ ਵਾਇਰਸ ਦੌਰਾਨ ਮਰੀਜ਼ ਦੇ ਅੰਦਰੂਨੀ ਅੰਗਾਂ, ਮੂੰਹ, ਅੱਖਾਂ ਤੇ ਕੰਨਾਂ 'ਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇਹ ਵਾਇਰਸ ਡੀ.ਆਰ.ਸੀ. ਦੇ ਇਕ ਪੇਂਡੂ ਇਲਾਕੇ ਬਿਕੋਰੋ ਤੋਂ ਫੈਲਣਾ ਸ਼ੁਰੂ ਹੋਇਆ ਸੀ।
ਬੀਤੇ ਵੀਰਵਾਰ ਨੂੰ ਮਬਾਂਡਾਕਾ 'ਚ ਸਾਹਮਣੇ ਆਇਆ ਵਾਇਰਸ ਦਾ ਪਹਿਲਾ ਮਾਮਲਾ ਅੰਤਰਰਾਸ਼ਟਰੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਭਿਆਨਕ ਬਿਮਾਰੀ ਦੀ ਰੋਕਥਾਮ ਲਈ ਕਾਂਗੋ 'ਚ ਪ੍ਰੋਟੋਟਾਈਪ ਟੀਕਿਆਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਬਿਮਾਰੀ ਦੀ 1976 'ਚ ਪਛਾਣ ਹੋਣ ਤੋਂ ਬਾਅਦ ਇਹ ਨੌਵੀਂ ਵਾਰ ਹੈ ਜਦੋਂ ਇਬੋਲਾ ਕਾਂਗੋ 'ਚ ਫੈਲਿਆ ਹੈ। ਬੀਤੇ ਸਾਲ ਇਬੋਲਾ ਫੈਲਣ ਕਾਰਨ 4 ਮੌਤਾਂ ਹੋਈਆਂ ਸਨ।