ਬਿਜਲੀ ਮੰਤਰੀ ਤੇ ਡਿਪਟੀ ਸਪੀਕਰ ਦੀ ਰਿਹਾਇਸ਼ ਅੱਗੇ ਧਰਨੇ ਦੌਰਾਨ ਖੜਕਾਈਆਂ ਥਾਲੀਆਂ

05/16/2018 2:35:23 AM

ਭਗਤਾ ਭਾਈ, (ਢਿੱਲੋਂ, ਪਰਵੀਨ)- ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਸੂਬਾ ਕਮੇਟੀ ਦੇ ਫੈਸਲੇ 'ਤੇ 14 ਮਈ ਤੋਂ 19 ਮਈ ਤੱਕ ਦੇ ਕੀਤੇ ਗਏ ਧਰਨੇ ਦੇ ਐਲਾਨ ਤਹਿਤ ਅੱਜ ਦੂਜੇ ਦਿਨ ਆਪਣੇ ਮਿੱਥੇ ਸਮੇਂ ਅਨੁਸਾਰ ਬਲਾਕ ਰਾਮਪੁਰਾ ਅਤੇ ਕੋਟਕਪੂਰਾ ਦੀਆਂ ਆਂਗਣਵਾੜੀ ਵਰਕਰਾਂ ਨੇ ਸੀਨੀਅਰ ਮੀਤ ਪ੍ਰਧਾਨ ਸ਼ਿੰਦਰਪਾਲ ਕੌਰ ਦੀ ਨਿਗਰਾਨੀ ਹੇਠ ਜ਼ਿਲਾ ਪ੍ਰਧਾਨ ਮੋਗਾ ਮਹਿੰਦਰਪਾਲ ਕੌਰ ਪੱਤੋ, ਜ਼ਿਲਾ ਪ੍ਰਧਾਨ ਫਰੀਦਕੋਟ ਕ੍ਰਿਸ਼ਨਾ ਦੇਵੀ ਔਲਖ ਅਤੇ ਬਲਾਕ ਪ੍ਰਧਾਨ ਕਿਰਪਾਲ ਕੌਰ ਦੀ ਅਗਵਾਈ 'ਚ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਠੀ ਅੱਗੇ ਧਰਨਾ ਲਾਇਆ।  ਆਂਗਣਵਾੜੀ ਵਰਕਰਾਂ, ਹੈਲਪਰਾਂ ਨੇ ਖਾਲੀ ਥਾਲੀਆਂ ਖੜਕਾ ਕੇ ਆਪਣੇ ਖੂਨ ਨਾਲ ਲਿਖਿਆ ਮੰਗ-ਪੱਤਰ ਵੀ ਪੰਜਾਬ ਸਰਕਾਰ ਦੇ ਕੰਨ ਖੋਲ੍ਹਣ ਲਈ ਪੁਲਸ ਇੰਸਪੈਕਟਰ ਨੂੰ ਦਿੱਤਾ। ਇਸ ਧਰਨੇ ਦੌਰਾਨ ਇਕ ਨਵੀਂ ਗੱਲ ਵੇਖਣ ਨੂੰ ਮਿਲੀ ਕਿ ਕਿਸੇ ਵੀ ਪੁਲਸ ਅਧਿਕਾਰੀ ਜਾਂ ਕਰਮਚਾਰੀ ਨੇ ਕਿਸੇ ਵਰਕਰ ਨੂੰ ਬਿਜਲੀ ਮੰਤਰੀ ਦਾ ਵਰਕਰਾਂ ਪ੍ਰਤੀ ਨਰਮ ਤੇ ਦਰਿਆਦਿਲੀ ਰਵੱਈਏ ਨੂੰ ਵੇਖਦਿਆਂ ਰੋਕਿਆ ਤੱਕ ਨਹੀਂ ਪਰ ਪੁਲਸ ਨੇ ਆਪਣੇ ਪ੍ਰਬੰਧ ਫਿਰ ਵੀ ਸੁਰੱਖਿਆ ਪੱਖ ਤੋਂ ਵੱਡੀ ਪੱਧਰ 'ਤੇ ਕੀਤੇ ਹੋਏ ਸਨ। ਇਸ ਦੌਰਾਨ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਠੀ ਅੱਗੇ ਮੰਤਰੀ ਸਾਹਿਬ ਵੱਲੋਂ ਇਨ੍ਹਾਂ ਧਰਨਾਕਾਰੀਆਂ ਲਈ ਛਾਂ ਆਦਿ ਦਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਕਾਂਗੜ ਨੇ ਕਿਹਾ ਕਿ ਮੇਰੇ ਘਰ ਅੱਗੇ ਧਰਨੇ ਲਾਉਣ ਵਾਲਾ ਕੋਈ ਵੀ ਰੋਟੀ-ਪਾਣੀ ਤੋਂ ਬਿਨਾਂ ਨਹੀਂ ਜਾਵੇਗਾ ਕਿਉਂਕਿ ਸਾਡੇ ਗੁਰੂ ਸਾਹਿਬਾਨ ਦਾ ਸਾਨੂੰ ਇਹੀ ਉਪਦੇਸ਼ ਹੈ। 
ਬਠਿੰਡਾ,  (ਸੁਖਵਿੰਦਰ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਫੈਸਲੇ 'ਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੇ ਘਰ ਅੱਗੇ ਖਾਲੀ ਬਰਤਨ ਖੜਕਾ ਕੇ ਨਾਅਰੇਬਾਜ਼ੀ ਕਰ ਕੇ ਰੋਸ ਜਤਾਇਆ। ਇਸ ਤੋਂ ਇਲਾਵਾ ਭੁੱਖ ਹੜਤਾਲ ਦੂਸਰੇ ਦਿਨ ਵੀ ਜਾਰੀ ਰਹੀ। ਜ਼ਿਕਰਯੋਗ ਹੈ ਕਿ ਆਂਗਣਵਾੜੀ ਵਰਕਰਾਂ ਵੱਲੋਂ ਪਿਛਲੇ 107 ਦਿਨਾਂ ਤੋਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਉਨ੍ਹਾਂ ਦੀਆ ਮੰਗਾਂ 'ਤੇ ਧਿਆਨ ਨਹੀਂ ਦਿੱਤਾ ਗਿਆ। ਰੋਸ ਵਜੋਂ ਆਂਗਣਵਾੜੀ ਵਰਕਰਾਂ ਨੇ 19 ਮਈ ਤੱਕ ਵਿਧਾਇਕਾਂ ਦੀਆਂ ਰਿਹਾਇਸ਼ਾਂ ਅੱਗੇ ਧਰਨੇ ਦੇ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਦੂਸਰੇ ਦਿਨ ਵੀ ਵਰਕਰਾਂ ਵੱਲੋਂ ਵਿਧਾਇਕ ਅਤੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਰਿਹਾਇਸ਼ ਅੱਗੇ ਖਾਲੀ ਬਰਤਨ ਖੜਕਾ ਕੇ ਰੋਸ ਜਤਾਇਆ ਗਿਆ। 
ਇਸ ਮੌਕੇ ਅੰਮ੍ਰਿਤਪਾਲ ਕੌਰ ਬੱਲੂਆਣਾ, ਗੁਰਮੀਤ ਕੌਰ ਗੋਨਿਆਣਾ, ਰੇਖਾ ਰਾਣੀ, ਇੰਦਰਜੀਤ ਕੌਰ ਚੁੱਘੇ ਕਲਾਂ, ਮੋਨਿਕਾ ਗੋਨਿਆਣਾ, ਸਰਬਜੀਤ ਕੌਰ ਨਾਥਪੁਰ, ਵੀਪਰਾਲ ਕੌਰ ਚੁੱਘੇ ਕਲਾਂ, ਰਾਜਵਿੰਦਰ ਕੌਰ ਕਲਿਆਣ, ਜਸਬੀਰ ਕੌਰ, ਨੀਨਾ ਰਾਣੀ, ਦਵਿੰਦਰ ਕੌਰ, ਗੁਰਮੇਲ ਕੌਰ, ਜਸਪਾਲ ਕੌਰ, ਕਾਕੋ ਬੀਬੀ ਤੇ ਛਿੰਦਰਪਾਲ ਆਦਿ ਮੌਜੂਦ ਸਨ।
ਕੀ ਹਨ ਮੰਗਾਂ 
ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵਰਕਰਾਂ/ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦੇਵੇ। ਜਦੋਂ ਤੱਕ ਇਹ ਨਹੀਂ ਹੋ ਜਾਂਦਾ, ਉਦੋਂ ਤੱਕ ਪੰਜਾਬ ਸਰਕਾਰ ਹਰਿਆਣਾ ਪੈਟਰਨ 'ਤੇ ਸੂਬੇ ਦੀਆਂ 54 ਹਜ਼ਾਰ ਵਰਕਰਾਂ, ਹੈਲਪਰਾਂ ਨੂੰ ਮਾਣਭੱਤਾ ਦੇਵੇ। 
-  ਪ੍ਰੀ-ਨਰਸਰੀ ਕਲਾਸਾਂ 'ਚ ਦਾਖਲ ਕੀਤੇ 3 ਤੋਂ 6 ਸਾਲ ਤੱਕ ਦੇ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ ਨੂੰ ਦਿੱਤੇ ਜਾਣ। 
-  ਐੱਨ. ਜੀ. ਓ. ਅਧੀਨ ਚੱਲਦੇ ਬਲਾਕਾਂ ਨੂੰ ਵਾਪਸ ਵਿਭਾਗ ਅਧੀਨ ਲਿਆਂਦਾ ਜਾਵੇ।
ਕੀ ਕਹਿਣਾ ਹੈ ਪੁਲਸ ਵਿਭਾਗ ਦਾ
ਪੁਲਸ ਪ੍ਰਬੰਧਾਂ ਸਬੰਧੀ ਜਾਣਨ ਲਈ ਥਾਣਾ ਦਿਆਲਪੁਰਾ ਦੇ ਐੱਸ. ਐੱਚ. ਓ. ਗੁਰਪਿਆਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਪ੍ਰਬੰਧ ਸਖਤ ਕੀਤੇ ਗਏ ਹਨ ਜਿਨ੍ਹਾਂ 'ਚ ਲੇਡੀ ਪੁਲਸ, ਕਮਾਂਡੋ ਫੋਰਸ ਅਤੇ ਪੰਜਾਬ ਪੁਲਸ ਸਮੇਤ 50 ਦੇ ਕਰੀਬ ਮੁਲਾਜ਼ਮਾਂ ਦੀ ਗਿਣਤੀ ਹੈ।