ਸਹਿਕਾਰੀ ਖੇਤੀਬਾੜੀ ਸੇਵਾ ਸੋਸਾਇਟੀ ਭਾਰਟਾ ''ਚ ਘਪਲੇ ਦੀ ਜਾਂਚ ਸ਼ੁਰੂ

05/26/2018 12:35:57 AM

ਹੁਸ਼ਿਆਰਪੁਰ, (ਘੁੰਮਣ)- ਸਹਿਕਾਰੀ ਖੇਤੀਬਾੜੀ ਸੇਵਾ ਸੋਸਾਇਟੀ ਭਾਰਟਾ 'ਚ ਲੱਖਾਂ ਰੁਪਏ ਦਾ ਘਪਲਾ ਚਰਚਾ 'ਚ ਆਉਣ ਉਪਰੰਤ ਸਹਿਕਾਰੀ ਵਿਭਾਗ ਦੇ ਸਹਾਇਕ ਰਜਿਸਟਰਾਰ ਨਰਿੰਦਰ ਕੁਮਾਰ ਨੇ ਅੱਜ ਸੋਸਾਇਟੀ ਦਫ਼ਤਰ 'ਚ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਸੋਸਾਇਟੀ ਦਾ ਸਾਰਾ ਰਿਕਾਰਡ ਕਬਜ਼ੇ 'ਚ ਲੈ ਕੇ ਸੋਸਾਇਟੀ ਦੇ ਸਕੱਤਰ ਨੂੰ ਤੁਰੰਤ ਮੁਅੱਤਲ ਕਰਨ ਦਾ ਹੁਕਮ ਦਿੱਤਾ ਅਤੇ ਸਹਿਕਾਰੀ ਖੇਤੀਬਾੜੀ ਸੇਵਾ ਸੋਸਾਇਟੀ ਖੇੜਾ ਦੇ ਸਕੱਤਰ ਅਮਨ ਕੁਮਾਰ ਨੂੰ ਭਾਰਟਾ ਸੋਸਾਇਟੀ ਦਾ ਐਡੀਸ਼ਨਲ ਚਾਰਜ ਸੌਂਪ ਦਿੱਤਾ। 
ਲੇਬਰ ਪਾਰਟੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸੋਸਾਇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੋਸਾਇਟੀ ਦੇ ਮੈਂਬਰ ਰਸੀਦਾਂ ਸੰਭਾਲ ਕੇ ਰੱਖਣ, ਜਿਨ੍ਹਾਂ 'ਤੇ ਸਕੱਤਰ ਨੇ ਕਰਜ਼ੇ ਦੀ ਰਾਸ਼ੀ ਨਿਲ ਕੀਤੀ ਹੋਈ ਹੈ। ਲੋਕਾਂ ਨੇ ਸਹਾਇਕ ਰਜਿਸਟਰਾਰ ਨੂੰ ਦੱਸਿਆ ਕਿ ਸੋਸਾਇਟੀ 'ਚ ਘਪਲਾ ਅਧਿਕਾਰੀਆਂ ਅਤੇ ਇੰਸਪੈਕਟਰਾਂ ਦੀ ਮਿਲੀਭੁਗਤ ਨਾਲ ਹੋਇਆ ਪ੍ਰਤੀਤ ਹੁੰਦਾ ਹੈ। ਉਨ੍ਹਾਂ ਕਿਹਾ ਕਿ 14 ਅਕਤੂਬਰ 2009 ਤੋਂ ਲੈ ਕੇ 18 ਅਗਸਤ 2015 ਤੱਕ ਅਤੇ 18 ਅਗਸਤ 2015 ਤੋਂ ਲੈ 15 ਮਈ 2018 ਇਸ ਸੋਸਾਇਟੀ 'ਚ ਤਾਇਨਾਤ ਰਹੇ ਸਕੱਤਰਾਂ ਅਤੇ ਨਿਰੀਖਕਾਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।
718 ਮੈਂਬਰਾਂ ਦਾ ਰਿਕਾਰਡ ਕੀਤਾ ਜਾਵੇਗਾ ਚੈੱਕ 
ਇਸ ਮੌਕੇ ਸਹਾਇਕ ਰਜਿਸਟਰਾਰ ਨੇ ਦੱਸਿਆ ਕਿ ਸੋਸਾਇਟੀ ਦੇ 718 ਮੈਂਬਰਾਂ ਦਾ ਰਿਕਾਰਡ ਪੂਰੀ ਤਰ੍ਹਾਂ ਖੰਗਾਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸੋਸਾਇਟੀ ਦੀ ਚੈਸਟ ਵਿਚੋਂ 11 ਰੁਪਏ ਦੀ ਨਕਦੀ ਮਿਲੀ। ਇਸ ਤੋਂ ਇਲਾਵਾ 20 ਬੋਰੀਆਂ ਯੂਰੀਆ ਵੀ ਸੋਸਾਇਟੀ ਦੇ ਕਮਰੇ 'ਚੋਂ ਮਿਲਿਆ, ਜਦਕਿ ਸੋਸਾਇਟੀ ਦੇ ਸਟਾਕ 'ਚ ਯੂਰੀਆ ਨਿਲ ਦਰਸਾਇਆ ਗਿਆ ਸੀ। ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ। 
ਇਸ ਮੌਕੇ ਸ਼ਮਸ਼ੇਰ ਸਿੰਘ, ਸੁਖਦੇਵ ਕੌਰ, ਸੁਰਜੀਤ ਕੌਰ, ਅਜੀਤ ਸਿੰਘ, ਰਾਜਿੰਦਰ ਸਿੰਘ, ਅਵਤਾਰ ਸਿੰਘ, ਚੈਨ ਸਿੰਘ, ਗੁਰਮੇਜ ਸਿੰਘ, ਸੀਸੋ, ਕਮਲਾ ਦੇਵੀ, ਦਾਸੋ ਆਦਿ ਹਾਜ਼ਰ ਸਨ।