ਬੀਬੀ ਜਗਦਰਸ਼ਨ ਅਤੇ ਡਿੰਪਲ ਨੂੰ ਪਾਰਟੀ ''ਚ ਦਿੱਤਾ ਜਾਵੇਗਾ ਪੂਰਾ ਮਾਣ-ਸਨਮਾਨ : ਸੁਨੀਲ ਜਾਖੜ

05/28/2018 11:11:08 AM

ਮੋਗਾ (ਗੋਪੀ ਰਾਊਕੇ) - ਲੰਘੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਅਕਾਲੀ ਦਲ 'ਚ ਸ਼ਮੂਲੀਅਤ ਕਰਨ ਵਾਲੀ ਮਹਿਲਾ ਆਗੂ ਬੀਬੀ ਜਗਦਰਸ਼ਨ ਕੌਰ ਅਤੇ ਉਨ੍ਹਾ ਦੇ ਪੁੱਤਰ ਨੌਜ਼ਵਾਨ ਆਗੂ ਪ੍ਰਮਿੰਦਰ ਡਿੰਪਲ ਨੇ ਅਕਾਲੀ ਦਲ ਨੂੰ 'ਬਾਏ-ਬਾਏ' ਕਰਦਿਆਂ ਮੁੜ ਕਾਂਗਰਸ ਦਾ 'ਹੱਥ' ਫੜ੍ਹ ਲਿਆ ਹੈ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਦੋਹਾਂ ਮਾਂ-ਪੁੱਤ ਆਗੂਆਂ ਦੀ ਘਰ ਵਾਪਸੀ 'ਤੇ ਉਨ੍ਹਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਬੀਬੀ ਜਗਦਰਸ਼ਨ ਕੌਰ ਦਾ ਸਮੁੱਚਾ ਪਰਿਵਾਰ ਕਾਂਗਰਸ ਪਾਰਟੀ ਦਾ ਆਪਣਾ ਪਰਿਵਾਰ ਹੈ। ਇਨ੍ਹਾਂ ਨੇ ਲੰਮਾ ਸਮਾਂ ਪਾਰਟੀ ਦੇ ਉੱਚ ਅਹੁਦਿਆਂ 'ਤੇ ਰਹਿੰਦੇ ਹੋਵੇ ਪਾਰਟੀ ਦੀ ਸੇਵਾ ਕੀਤੀ ਹੈ। 
ਉਨ੍ਹ੍ਹਾਂ ਕਿਹਾ ਕਿ ਇਸ ਪਰਿਵਾਰ ਨੂੰ ਹੁਣ ਮੁੜ ਪਾਰਟੀ 'ਚ ਸ਼ਾਮਿਲ ਹੋਣ 'ਤੇ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹ੍ਹਾਂ ਬੀਬੀ ਜਗਦਰਸ਼ਨ ਕੌਰ ਅਤੇ ਡਿੰਪਲ ਨੂੰ ਥਾਪੜਾ ਦਿੰਦਿਆ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬੀਬੀ ਜਗਦਰਸ਼ਨ ਕੌਰ ਨੇ ਕਿਹਾ ਕਿ ਉਹ ਪਾਰਟੀ ਦੀ ਸੇਵਾ ਪਹਿਲਾਂ ਨਾਲੋਂ ਹੋਰ ਵੀ ਉਤਸ਼ਾਹ ਨਾਲ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ 'ਚ ਰਹਿ ਕੇ ਉਨ੍ਹਾਂ ਨੂੰ ਘੁੱਟਣ ਮਹਿਸੂਸ ਹੋ ਰਹੀ ਸੀ। ਲੋਕ ਸਭਾ ਹਲਕਾ ਫਰੀਦਕੋਟ ਤੋਂ ਯੂਥ ਵਿੰਗ ਦੇ ਪ੍ਰਧਾਨ ਰਹੇ ਪ੍ਰਮਿੰਦਰ ਡਿੰਪਲ ਨੇ ਕਿਹਾ ਕਿ ਅਕਾਲੀ ਦਲ ਨੇ ਉਨ੍ਹਾਂ ਦੀਆਂ ਸੇਵਾਵਾਂ ਦਾ ਲਾਭ ਨਹੀਂ ਲਿਆ, ਜਿਸ ਕਰਕੇ ਉਹ ਮੁੜ ਆਪਣੀ ਪੁਰਾਣੀ ਪਾਰਟੀ ਕਾਂਗਰਸ 'ਚ ਸ਼ਾਮਿਲ ਹੋਏ ਹਨ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਕਾਂਗਰਸ ਦੇ ਹੱਕ 'ਚ ਨੌਜ਼ਵਾਨਾਂ ਨੂੰ ਲਾਮਬੰਦ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਜੋਂ ਕਾਂਗਰਸ ਪਾਰਟੀ ਦੀ 2019 'ਚ ਕੇਂਦਰ 'ਚ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਵਿਧਾਇਕ ਬਲਵਿੰਦਰ ਸਿੰਘ ਲਾਡੀ ਸ੍ਰੀ ਹਰਗੋਬਿੰਦਪੁਰ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਆਦਿ ਹਾਜ਼ਰ ਸਨ।