ਦੋ ਕੂਲ ਤੇ ਰਣਨੀਤੀਕਾਰ ਕਪਤਾਨਾਂ ਦਾ ਵੀ ਹੋਵੇਗਾ ਇਹ ਮੁਕਾਬਲਾ

05/26/2018 11:44:21 PM

ਨਵੀਂ ਦਿੱਲੀ— ਆਈ. ਪੀ. ਐੱਲ.-11 ਦਾ ਫਾਈਨਲ ਸਿਰਫ ਚੇਨਈ ਸੁਪਰ ਕਿੰਗਜ਼ ਤੇ ਸਨਰਾਈਜ਼ਰਸ ਹੈਦਰਾਬਾਦ ਦੀ ਟੱਕਰ ਨਹੀਂ ਹੋਵੇਗਾ ਸਗੋਂ ਇਹ ਦੋਵਾਂ ਟੀਮਾਂ ਦੇ ਕੂਲ ਤੇ ਰਣਨੀਤੀ ਬਣਾਉਣ 'ਚ ਮਾਹਿਰ ਕਪਤਾਨਾਂ ਮਹਿੰਦਰ ਸਿੰਘ ਧੋਨੀ ਤੇ ਕੇਨ ਵਿਲੀਅਮਸਨ ਦਾ ਵੀ ਮੁਕਾਬਲਾ ਹੋਵੇਗਾ।
ਧੋਨੀ ਨੂੰ ਉਂਝ ਵੀ ਕੈਪਟਨ ਕੂਲ ਮੰਨਿਆ ਜਾਂਦਾ ਹੈ ਪਰ ਨਿਊਜ਼ੀਲੈਂਡ ਦੇ ਵਿਲੀਅਮਸਨ ਨੇ ਹੈਰਾਨੀਜਨਕ ਤੌਰ 'ਤੇ ਇਕ ਕੂਲ ਕਪਤਾਨ ਦੇ ਰੂਪ 'ਚ ਆਪਣਾ ਅਕਸ ਛੱਡਿਆ ਹੈ। ਹੁਣ ਜਦੋਂ ਫਾਈਨਲ 'ਚ ਦੋਵੇਂ ਟੀਮਾਂ ਅੱਜ ਆਹਮੋ-ਸਾਹਮਣੇ ਹੋਣਗੀਆਂ ਤਾਂ ਖਿਤਾਬ ਦਾ ਫੈਸਲਾ ਇਨ੍ਹਾਂ ਦੋਵਾਂ ਕਪਤਾਨਾਂ ਦੀਆਂ ਰਣਨੀਤੀਆਂ, ਸਬਰ, ਕਲਾ ਤੇ ਸ਼ਾਂਤ-ਸੁਭਾਅ ਨਾਲ ਹੋਵੇਗਾ।
ਧੋਨੀ ਨੂੰ ਜਿਥੇ ਦੁਨੀਆ ਦਾ ਸਰਵਸ੍ਰੇਸ਼ਠ ਫਿਨਿਸ਼ਰ ਮੰਨਿਆ ਜਾਂਦਾ ਹੈ, ਉਥੇ ਹੀ ਵਿਲੀਅਮਸਨ ਨੂੰ ਮੌਜੂਦਾ ਸਮੇਂ 'ਚ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚ ਸ਼ਾਮਲ ਕੀਤਾ ਜਾਂਦਾ ਹੈ। ਵਿਲੀਅਮਸਨ ਨੇ ਆਈ. ਪੀ. ਐੱਲ.-11 ਵਿਚ ਕਮਾਲ ਦੀ ਬੱਲੇਬਾਜ਼ੀ ਕੀਤੀ ਹੈ ਅਤੇ ਉਹ 16 ਮੈਚਾਂ ਵਿਚ 688 ਦੌੜਾਂ ਬਣਾ ਕੇ ਸਭ ਤੋਂ ਅੱਗੇ ਹੈ। ਵਿਲੀਅਮਸਨ ਦਾ ਸਭ ਤੋਂ ਵੱਧ ਦੌੜਾਂ ਲਈ ਓਰੇਂਜ ਕੈਪ 'ਤੇ ਵੀ ਕਬਜ਼ਾ ਪੱਕਾ ਹੈ।  ਵਿਲੀਅਮਸਨ ਇਸ ਟੂਰਨਾਮੈਂਟ 'ਚ 700 ਦੌੜਾਂ ਪੂਰੀਆਂ ਕਰਨ ਤੋਂ ਸਿਰਫ 12 ਦੌੜਾਂ ਦੂਰ ਹੈ। ਵਿਲੀਅਮਸਨ ਦੇ ਵਿਰੋਧੀ ਕਪਤਾਨ ਧੋਨੀ ਨੇ 15 ਮੈਚਾਂ ਵਿਚ 455 ਦੌੜਾਂ ਬਣਾਈਆਂ ਹਨ ਤੇ ਟੂਰਨਾਮੈਂਟ 'ਚ ਚੇਨਈ ਦੀਆਂ ਕਈ ਨੇੜਲੀਆਂ ਜਿੱਤਾਂ 'ਚ ਧੋਨੀ ਦੀ ਮੁੱਖ ਭੂਮਿਕਾ ਰਹੀ ਹੈ।
ਹੈਦਰਾਬਾਦ ਤੇ ਚੇਨਈ ਦੇ ਫਾਈਨਲ ਵਿਚ ਪਹੁੰਚਣ 'ਚ ਇਨ੍ਹਾਂ ਦੋਵਾਂ ਕਪਤਾਨਾਂ ਦੀ ਰਣਨੀਤੀ ਦੀ ਅਹਿਮ ਭੂਮਿਕਾ ਰਹੀ ਹੈ। ਦੋਵਾਂ ਨੇ ਜਿਸ ਤਰ੍ਹਾਂ ਆਪਣੇ ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਘੱਟ ਸਕੋਰ ਬਣਾਉਣ ਦੇ ਬਾਵਜੂਦ ਖਾਸ ਤੌਰ 'ਤੇ ਹੈਦਰਾਬਾਦ ਨੇ ਵਿਰੋਧੀ ਟੀਮਾਂ ਨੂੰ ਆਊਟ ਕੀਤਾ ਹੈ।