ਠੱਗੀ ਦੇ ਮਾਮਲੇ ''ਚ 6 ਖਿਲਾਫ ਮੁਕੱਦਮਾ ਦਰਜ, 1 ਗ੍ਰਿਫਤਾਰ

05/06/2018 11:01:29 AM

ਮਾਨਸਾ (ਜੱਸਲ)-ਜ਼ਮੀਨ ਦਾ ਬਿਆਨਾ ਕਰ ਕੇ 78 ਲੱਖ ਦੀ ਠੱਗੀ ਮਾਰਨ ਦੇ ਇਕ ਮਾਮਲੇ 'ਚ ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਥਾਣਾ ਸ਼ਹਿਰੀ-2 ਦੀ ਪੁਲਸ ਵੱਲੋਂ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਇਕ ਨੂੰ ਗ੍ਰਿਫਤਾਰ ਕਰ ਲਿਆ ਹੈ। 
ਪੁਲਸ ਵੱਲੋਂ ਦਰਜ ਐੱਫ. ਆਈ. ਆਰ. ਅਨੁਸਾਰ ਕੁਲਵੰਤ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਰੋੜੀ ਨੇ ਮਾਣਯੋਗ ਅਦਾਲਤ ਮਾਨਸਾ 'ਚ ਸ਼ਿਕਾਇਤ ਕੀਤੀ ਸੀ ਕਿ ਕੁਝ ਲੋਕਾਂ ਨੇ ਉਸ ਦੀ ਜੱਦੀ ਜ਼ਮੀਨ ਇਹ ਕਹਿ ਕੇ ਵਿਕਵਾ ਦਿੱਤੀ ਕਿ ਉਹ ਉਸਨੂੰ ਪੰਜਾਬ ਵਿਚ ਸਸਤੀ ਜ਼ਮੀਨ ਦਿਵਾ ਦੇਣਗੇ ਅਤੇ ਉਸ ਤੋਂ ਬਾਅਦ ਇਨ੍ਹਾਂ ਨੇ ਉਸ ਨੂੰ ਇਕ ਜ਼ਮੀਨ ਵਾਕਾ ਰਕਬਾ ਢੱਡੇ ਕਲਾਂ (ਬਾਲਿਆਂਵਾਲੀ) ਦਿਖਾ ਕੇ ਉਸ ਨਾਲ ਬਿਆਨਾ ਕਰ ਕੇ ਬਿਆਨੇ ਸਮੇਂ 29 ਲੱਖ ਰੁਪਏ ਤੇ ਬਾਅਦ ਵਿਚ 49 ਲੱਖ ਲੈ ਕੇ ਕੁੱਲ 78 ਲੱਖ ਰੁਪਏ ਲੈ ਲਏ ਅਤੇ ਜਦ ਉਹ ਮਿੱਥੀ ਤਰੀਕ 'ਤੇ ਬਾਕੀ ਰਕਮ ਲੈ ਕੇ ਰਜਿਸਟਰੀ ਕਰਵਾਉਣ ਗਿਆ ਤਾਂ ਉਕਤ ਵਿਅਕਤੀ ਰਜਿਸਟਰੀ ਤਸਦੀਕ ਕਰਵਾਉਣ ਨਹੀਂ ਆਏ। ਜਦ ਬਾਅਦ ਵਿਚ ਉਸ ਨੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਬਿਆਨਾ ਕਰ ਕੇ 78 ਲੱਖ ਦੀ ਰਕਮ ਵਸੂਲਣ ਵਾਲੇ ਵਿਅਕਤੀ ਦੇ ਨਾਂ 'ਤੇ ਉਥੇ ਕੋਈ ਜ਼ਮੀਨ ਹੀ ਨਹੀਂ ਸੀ। ਕੁਲਵੰਤ ਸਿੰਘ ਦੀ ਸ਼ਿਕਾਇਤ ਅਨੁਸਾਰ ਜਦ ਉਸਨੂੰ ਪਤਾ ਲੱਗਾ ਕਿ ਇਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ 78 ਲੱਖ ਦੀ ਠੱਗੀ ਮਾਰੀ ਹੈ ਤਾਂ ਉਸਨੇ ਜਦ ਇਸ ਠੱਗੀ ਸਬੰਧੀ ਕਾਰਵਾਈ ਸ਼ੁਰੂ ਕੀਤੀ ਤਾਂ ਉਕਤ ਵਿਅਕਤੀਆਂ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਉਲਟਾ ਉਸਦੇ ਅਤੇ ਬਿਆਨੇ ਦੇ ਗਵਾਹਾਂ ਦੇ ਖਿਲਾਫ ਹੀ ਝੂਠੀਆਂ ਰਸੀਦਾਂ ਬਣਾਉਣ ਦਾ ਝੂਠਾ ਮਾਮਲਾ ਦਰਜ ਕਰਵਾ ਦਿੱਤਾ, ਜਿਸ ਕਰ ਕੇ ਮੁਕੱਦਮੇ 'ਚੋਂ ਅਦਾਲਤ ਨੇ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਸੀ। ਕੁਲਵੰਤ ਸਿੰਘ ਅਨੁਸਾਰ ਉਸ ਵੱਲੋਂ ਪੁਲਸ ਪਾਸ ਕੀਤੀ ਸ਼ਿਕਾਇਤ ਦੀ ਪੜਤਾਲ ਉਸ ਸਮੇਂ ਦੇ ਡੀ. ਐੱਸ. ਪੀ. ਮਾਨਸਾ ਵੱਲੋਂ ਕਰ ਕੇ ਕੁਲਵੰਤ ਸਿੰਘ ਨਾਲ ਹੋਈ 78 ਲੱਖ ਦੀ ਠੱਗੀ ਸਬੰਧੀ ਮੁਕੱਦਮਾ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ ਪਰ ਪੁਲਸ ਵੱਲੋਂ ਇਨ੍ਹਾਂ ਖਿਲਾਫ ਮਾਮਲਾ ਦਰਜ ਨਾ ਕੀਤੇ ਜਾਣ ਕਾਰਨ ਉਸਨੇ ਮਾਣਯੋਗ ਅਦਾਲਤ 'ਚ ਕੇਸ ਦਾਇਰ ਕੀਤਾ ਸੀ।
ਕੁਲਵੰਤ ਸਿੰਘ ਵੱਲੋਂ ਦਾਇਰ ਕੀਤੀ ਇਸ ਸ਼ਿਕਾਇਤ 'ਤੇ ਮਾਣਯੋਗ ਅਦਾਲਤ ਵੱਲੋਂ ਥਾਣਾ ਸਿਟੀ 2 ਪੁਲਸ ਨੂੰ ਮੁਕੱਦਮਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪੁਲਸ ਵੱਲੋਂ ਅਦਾਲਤ ਦੇ ਹੁਕਮਾਂ 'ਤੇ ਬਲਜਿੰਦਰ ਕੁਮਾਰ ਵਾਸੀ ਨੰਗਲ ਕਲਾਂ, ਬਲਵੀਰ ਸਿੰਘ ਵਾਸੀ ਰੋੜੀ, ਅਮਰੀਕ ਸਿੰਘ ਵਾਸੀ ਰੋੜੀ, ਅਵਤਾਰ ਸਿੰਘ ਉਰਫ ਬਬਲੀ ਵਾਸੀ ਸਰਦੂਲਗੜ੍ਹ, ਬਿੱਟੂ ਸਿੰਘ ਉਰਫ ਗੁਰਦੀਪ ਸਿੰਘ ਵਾਸੀ ਕੋਟ ਧਰਮੂ, ਬਚਿੱਤਰ ਸਿੰਘ ਵਾਸੀ ਰਾਏਸਰ (ਬਰਨਾਲਾ) ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਇਕ ਵਿਅਕਤੀ ਬਲਵੀਰ ਸਿੰਘ ਵਾਸੀ ਰੋੜੀ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਸੀ, ਜਿਸ ਨੂੰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ 'ਤੇ ਜ਼ਿਲਾ ਜੇਲ ਮਾਨਸਾ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਨਾਮਜ਼ਦ ਬਾਕੀ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।