ਸਰਟੀਫਿਕੇਟ ਬਣਾਉਣ ਲਈ ਭਟਕ ਰਹੀ ਗੂੰਗੀ-ਬੋਲ਼ੀ ਲੜਕੀ

05/23/2018 2:21:38 AM

ਬੁਢਲਾਡਾ(ਬਾਂਸਲ, ਸਿੰਗਲਾ)- ਆਰਥਿਕਤਾ ਦੇ ਬੋਝ ਥੱਲੇ ਦੱਬੇ ਦਲਿਤ ਪਰਿਵਾਰ ਦੀ ਗੂੰਗੀ-ਬੋਲ਼ੀ ਲੜਕੀ ਦਾ ਅਪੰਗਤਾ ਸਰਟੀਫਿਕੇਟ ਬਣਾਉਣ ਲਈ ਪਰਿਵਾਰ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਇੱਥੋਂ ਥੋੜ੍ਹੀ ਦੂਰ ਪਿੰਡ ਫੁਲੂਵਾਲਾ ਡੋਗਰਾ ਦੇ ਦਲਿਤ ਪਰਿਵਾਰ ਦੀ ਨੌਵੀਂ ਕਲਾਸ ਵਿਚ ਪੜ੍ਹਦੀ ਊਸ਼ਾ ਰਾਣੀ ਆਪਣੀ ਕਲਾਸ ਵਿਚ ਮਿਹਨਤੀ ਵਿਦਿਆਰਥਣ ਵਜੋਂ ਜਾਣੀ ਜਾਂਦੀ ਹੈ। ਊਸ਼ਾ ਕੌਰ ਆਪਣੇ ਮਾਪਿਆਂ ਦਾ ਪੂਰਾ ਸਹਿਯੋਗ ਕਰਦੀ ਹੈ।  ਊਸ਼ਾ ਕੌਰ ਦੇ ਪਿਤਾ ਹੰਸਾ ਸਿੰਘ ਕੈਂਸਰ ਨਾਲ ਪੀੜਤ ਹਨ ਤੇ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ, ਨੇ ਭਰੇ ਮਨ ਨਾਲ ਦੱਸਿਆ ਕਿ ਉਸਦੀ ਬੇਟੀ ਨਾ ਤਾਂ ਸੁਣ ਸਕਦੀ ਹੈ ਤੇ ਨਾ ਹੀ ਬੋਲ ਸਕਦੀ ਹੈ । ਉਹ ਸਿਰਫ ਇਸ਼ਾਰਿਆਂ ਨਾਲ ਆਪਣੀ ਗੱਲ ਸਮਝਾ ਸਕਦੀ ਹੈ। ਅਪੰਗਤਾ ਸਰਟੀਫਿਕੇਟ ਨਾ ਬਣਨ ਕਰ ਕੇ ਉਸ ਨੂੰ ਨਾ ਤਾਂ ਕੋਈ ਪੈਨਸ਼ਨ ਮਿਲਦੀ ਹੈ ਅਤੇ ਨਾ ਹੀ ਕੋਈ ਹੋਰ ਸਹੂਲਤ। ਉਸਦਾ ਸਰਟੀਫਿਕੇਟ ਬਣਾਉਣ ਲਈ ਉਨ੍ਹਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪਿਆ ਹੈ। ਅੰਤ ਅਸੀਂ ਆਰਥਿਕ ਤੰਗੀ ਕਾਰਨ ਥੱਕ ਹਾਰ ਕੇ ਘਰ ਬੈਠ ਗਏ ਹਾਂ। ਗਰੀਬੀ ਕਾਰਨ ਅਸੀਂ ਇਸ ਦਾ ਇਲਾਜ ਵੀ ਨਹੀਂ ਕਰਵਾ ਸਕੇ। ਇਸ ਮੌਕੇ ਸਮਾਜ ਸੇਵੀ ਸਟੇਟ ਐਵਾਰਡੀ ਅੰਗਹੀਣ ਜੋਗਿੰਦਰ ਸਿੰਘ ਲਾਲੀ, ਸੰਜੀਵ ਗੋਇਲ ਅਤੇ ਵੱਖ-ਵੱਖ ਕਲੱਬਾਂ ਦੇ ਮੈਂਬਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਵਿਦਿਆਰਥਣ ਦਾ ਪਹਿਲ ਦੇ ਆਧਾਰ 'ਤੇ ਅਪੰਗਤਾ ਦਾ ਸਰਟੀਫਿਕੇਟ ਬਣਾ ਕੇ ਸਹੂਲਤਾਂ ਤੁਰੰਤ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਆਰਥਿਕ ਤੌਰ 'ਤੇ ਗਰੀਬ ਪਰਿਵਾਰ ਨਾਲ ਸਬੰਧਤ ਊਸ਼ਾ ਕੌਰ ਦੀ ਵਿੱਤੀ ਸਹਾਇਤਾ ਵੀ ਕੀਤੀ ਜਾਵੇ।  ਇਸ ਸਬੰਧੀ ਜਦੋਂ ਜ਼ਿਲਾ ਸਪੈਸ਼ਲ ਐਜੂਕੇਟਰ ਟੀਚਰ ਤਰਸੇਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਅੰਗਹੀਣ ਬੱਚਿਆਂ ਨੂੰ ਮਿਲਣ ਵਾਲੇ ਬਣਾਉਟੀ ਅੰਗ, ਮਸ਼ੀਨਾਂ, ਕੈਲੀਪਰ ਆਦਿ ਕੈਂਪ ਨਾ ਲੱਗਣ ਕਾਰਨ ਵਿਦਿਆਰਥੀ ਇਸ ਤੋਂ ਵਾਂਝੇ ਹਨ, ਵਿਦਿਆਰਥਣ ਨੂੰ ਹੋਰ ਮਿਲਣ ਵਾਲੀਆ ਸਹੂਲਤਾਂ ਬਾਰੇ ਜਲਦ ਹੀ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਜਾਵੇਗਾ।