100 ਪੁਲਸ ਕਰਮਚਾਰੀਆਂ ਨੇ 4 ਘੰਟੇ ਜੇਲ ''ਚ ਕੀਤੀ ਚੈਕਿੰਗ, ਮਿਲਿਆ ਕੁਝ ਵੀ ਨਹੀਂ

05/14/2018 12:32:38 PM

ਕਪੂਰਥਲਾ (ਭੂਸ਼ਣ)— ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ 'ਚ ਗੈਂਗਵਾਰ ਅਤੇ ਡਰੱਗ ਮਾਫੀਆ ਨੂੰ ਖਤਮ ਕਰਨ ਦੇ ਮਕਸਦ ਨਾਲ ਬੀਤੇ ਕੁਝ ਮਹੀਨਿਆਂ ਤੋਂ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਐਤਵਾਰ ਦੀ ਤੜਕਸਾਰ ਕਪੂਰਥਲਾ ਪੁਲਸ ਦੇ 100 ਕਰਮਚਾਰੀਆਂ ਅਤੇ ਅਫਸਰਾਂ 'ਤੇ ਆਧਾਰਿਤ ਇਕ ਵਿਸ਼ੇਸ਼ ਟੀਮ ਨੇ ਕੇਂਦਰੀ ਜੇਲ ਕੰੰਪਲੈਕਸ 'ਚ ਪਹੁੰਚ ਕੇ ਜਿੱਥੇ ਕਈ ਘੰਟੇ ਤੱਕ ਲੰਮੀ ਸਰਚ ਮੁਹਿੰਮ ਚਲਾਈ, ਉਥੇ ਹੀ ਇਸ ਪੂਰੀ ਮੁਹਿੰਮ ਦੌਰਾਨ ਜੇਲ ਦੀਆਂ ਸਾਰੀਆਂ ਬੈਰਕਾਂ ਦੀ ਤਲਾਸ਼ੀ ਲਈ ਗਈ। ਕਰੀਬ 4 ਘੰਟੇ ਤੱਕ ਚੱਲੀ ਇਸ ਪੂਰੀ ਚੈਕਿੰਗ ਮੁਹਿੰਮ ਦੇ ਦੌਰਾਨ 4 ਹਜ਼ਾਰ ਕੈਦੀਆਂ ਅਤੇ ਹਵਾਲਾਤੀਆਂ ਨਾਲ ਲੈਸ ਕੇਂਦਰੀ ਜੇਲ ਕੰੰਪਲੈਕਸ 'ਚ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ।  
ਪੁਲਸ ਨੂੰ ਦੇਖ ਕੇ ਹੈਰਾਨ ਰਹਿ ਗਏ ਬੈਰਕਾਂ 'ਚ ਸੁੱਤੇ ਕੈਦੀ ਤੇ ਹਵਾਲਾਤੀ
ਡੀ. ਐੱਸ. ਪੀ. ਸਬ ਡਿਵੀਜ਼ਨ ਗੁਰਮੀਤ ਸਿੰਘ ਦੀ ਅਗਵਾਈ 'ਚ ਸਵੇਰੇ ਕਰੀਬ 4 ਵਜੇ ਸ਼ੁਰੂ ਹੋਈ ਇਸ ਚੈਕਿੰਗ ਮੁਹਿੰਮ ਦੇ ਦੌਰਾਨ ਜਿੱਥੇ 100 ਦੇ ਕਰੀਬ ਪੁਲਸ ਕਰਮਚਾਰੀ, ਜਿਨ੍ਹਾਂ 'ਚ 54 ਹੈੱਡ ਕਾਂਸਟੇਬਲ, 22 ਏ. ਐੱਸ. ਆਈ. ਅਤੇ ਵੱਡੀ ਗਿਣਤੀ 'ਚ ਮਹਿਲਾ ਕਾਂਸਟੇਬਲ ਮੌਜੂਦ ਸਨ, ਦੇ ਨਾਲ ਐੱਸ. ਐੱਚ. ਓ. ਸਿਟੀ ਇੰਸਪੈਕਟਰ ਗੱਬਰ ਸਿੰਘ, ਐੱਸ. ਐੱਚ. ਓ. ਕੋਤਵਾਲੀ ਇੰਸਪੈਕਟਰ ਹਰਗੁਰਦੇਵ ਸਿੰਘ ਅਤੇ ਐੱਸ. ਐੱਚ. ਓ. ਸਦਰ ਗਿਆਨ ਸਿੰਘ ਵੀ ਮੌਜੂਦ ਸਨ। ਚੈਕਿੰਗ ਲਈ ਅਚਾਨਕ ਆਈ ਪੁਲਸ ਨੂੰ ਦੇਖ ਕੇ ਬੈਰਕਾਂ 'ਚ ਸੁੱਤੇ ਕੈਦੀ ਤੇ ਹਵਾਲਾਤੀ ਵੀ ਹੈਰਾਨ ਰਹਿ ਗਏ। ਚੈਕਿੰਗ ਦੀ ਇਸ ਮੁਹਿੰਮ ਦੇ ਦੌਰਾਨ ਪੁਲਸ ਟੀਮਾਂ ਨੇ ਹਵਾਲਾਤੀਆਂ ਦੇ ਪੂਰੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਬੈਰਕਾਂ ਦੇ ਨਾਲ ਲੱਗਦੀ ਕੱਚੀ ਜ਼ਮੀਨ ਦੀ ਖੁਦਾਈ ਕਰਵਾਈ ਗਈ। ਇਸ ਪੂਰੀ ਸਰਚ ਮੁਹਿੰਮ ਦੌਰਾਨ ਪੁਲਸ ਕਰਮਚਾਰੀਆਂ ਨੇ ਸਾਰੇ ਬੈਰਕਾਂ ਦੀਆਂ ਛੱਤਾਂ ਤੇ ਚੜ੍ਹ ਕੇ ਚੱਪੇ-ਚੱਪੇ ਦੀ ਤਲਾਸ਼ੀ ਲਈ। ਜਿਸ ਦੌਰਾਨ ਮਹਿਲਾ ਪੁਲਸ ਕਰਮਚਾਰੀਆਂ ਨੇ ਮਹਿਲਾ ਬੈਰਕਾਂ ਦੀ ਤਲਾਸ਼ੀ ਲੈ ਕੇ ਸਾਮਾਨ ਦੀ ਜਾਂਚ ਕੀਤੀ। ਇਸ ਪੂਰੀ ਚੈਕਿੰਗ ਮੁਹਿੰਮ ਦੌਰਾਨ ਜੇਲ 'ਚੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ। 
ਏ. ਆਈ. ਜੀ. ਜੇਲ ਸਹਿਤ ਪੂਰੇ ਜੇਲ ਸਟਾਫ ਨੇ ਦਿੱਤਾ ਪੁਲਸ ਟੀਮ ਨੂੰ ਜਾਂਚ 'ਚ ਸਹਿਯੋਗ
ਇਸ ਪੂਰੀ ਚੈਕਿੰਗ ਮੁਹਿੰਮ ਦੌਰਾਨ ਕੇਂਦਰੀ ਜੇਲ ਦੇ ਏ. ਆਈ. ਜੀ. ਕਮ ਸੁਪਰਡੈਂਟ ਸੁਰਿਦੰਰਪਾਲ ਖੰਨਾ ਦੀ ਅਗਵਾਈ 'ਚ ਪੂਰੇ ਜੇਲ ਸਟਾਫ ਨੇ ਚੈਕਿੰਗ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਇਸ ਦੌਰਾਨ ਏ. ਆਈ. ਜੀ. ਖੰਨਾ ਦੇ ਨਾਲ ਐੱਸ. ਪੀ. ਜੇਲ ਲਲਿਤ ਕੋਹਲੀ, ਡਿਪਟੀ ਸੁਪਰਡੈਂਟ ਫੈਕਟਰੀ ਇਕਬਾਲ ਸਿੰਘ ਧਾਲੀਵਾਲ ਆਦਿ ਮੌਜੂਦ ਸਨ।