ਕੈਪਟਨ ਵੱਡੇ ਪੱਧਰ ''ਤੇ ਪੰਜਾਬ ਪੁਲਸ ''ਚ ਕਰਨਗੇ ਫੇਰਬਦਲ

05/23/2018 9:08:10 AM

ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਾਲੀ ਕਾਂਗਰਸ ਸਰਕਾਰ ਵਲੋਂ ਜੂਨ ਮਹੀਨੇ 'ਚ ਵੱਡੇ ਪੱਧਰ 'ਤੇ ਪੁਲਸ ਅਤੇ ਪ੍ਰਸ਼ਾਸਨਿਕ ਤੰਤਰ 'ਚ ਫੇਰਬਦਲ ਕੀਤੇ ਜਾਣ ਦੇ ਆਸਾਰ ਹਨ। ਸਰਕਾਰੀ ਹਲਕਿਆਂ ਤੋਂ ਪਤਾ ਲੱਗਿਆ ਹੈ ਕਿ ਸ਼ਾਹਕੋਟ ਜ਼ਿਮਨੀ ਚੋਣ ਦਾ ਨਤੀਜਾ 30 ਮਈ ਨੂੰ ਚੋਣ ਕਮਿਸ਼ਨ ਵਲੋਂ ਐਲਾਨ ਦਿੱਤਾ ਜਾਵੇਗਾ ਅਤੇ ਉਸ ਦੇ ਨਾਲ ਹੀ ਸੂਬੇ 'ਚ ਡਿਪਟੀ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਦੇ ਤਬਾਦਲੇ ਕੀਤੇ ਜਾਣੇ ਹਨ। 
ਇਸੇ ਤਰ੍ਹਾਂ ਚੰਡੀਗੜ੍ਹ 'ਚ ਨਾਗਰਿਕ ਸਕੱਤਰੇਤ 'ਚ ਬੈਠੇ ਵੱਡੇ ਆਈ. ਏ. ਐੱਸ. ਅਤੇ ਪੁਲਸ ਅਧਿਕਾਰੀਆਂ 'ਚ ਵੀ ਫੇਰਬਦਲ ਕੀਤਾ ਜਾਣਾ ਹੈ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਿਭਾਗੀ ਮੰਤਰੀਆਂ ਨੂੰ ਵੀ ਆਪਣੇ ਵਿਭਾਗਾਂ ਨਾਲ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਜੂਨ ਮਹੀਨੇ 'ਚ ਕਰਨ ਲਈ ਕਿਹਾ ਹੈ।
ਇਸੇ ਤਰ੍ਹਾਂ ਜੂਨ ਮਹੀਨਾ ਤਬਾਦਲਿਆਂ 'ਚ ਰੁੱਝਿਆ ਰਹੇਗਾ ਅਤੇ ਦੂਜੇ ਪਾਸੇ ਕੈਪਟਨ ਵਲੋਂ ਵੀ ਕਈ ਮਹੱਤਵਪੂਰਨ ਫੈਸਲੇ ਕੀਤੇ ਜਾਣੇ ਹਨ, ਜਿਨ੍ਹਾਂ 'ਚ ਮੰਤਰੀਆਂ ਦੇ ਨਾਲ ਵਿਧਾਇਕਾਂ ਨੂੰ ਅਸਿਸਟੈਂਟ ਦੇ ਤੌਰ 'ਤੇ ਤਾਇਨਾਤ ਕਰਨਾ ਅਤੇ ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਨਿਯੁਕਤੀਆਂ ਕਰਨਾ ਵੀ ਸ਼ਾਮਲ ਹੈ।