ਮਨਾਲੀ ਛੁੱਟੀਆਂ ਮਨਾਉਣ ਆਏ ''ਕੈਪਟਨ'' ਦੀ ਸਿਹਤ ਵਿਗੜੀ

05/21/2018 12:24:25 PM

ਮਨਾਲੀ : ਸੈਰ-ਸਪਾਟਾ ਨਗਰੀ ਮਨਾਲੀ 'ਚ ਛੁੱਟੀਆਂ ਬਿਤਾਉਣ ਆਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਖਰਾਬ ਹੋ ਗਈ ਹੈ, ਇਸ ਲਈ ਹੁਣ ਉਹ ਸੋਲੰਗਨਾਲਾ ਨਹੀਂ ਜਾ ਸਕਣਗੇ। ਸਰਦੀ ਲੱਗਣ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਹੈ, ਜਿਸ ਕਾਰਨ ਉਹ ਬੀਤਿਆ ਪੂਰਾ ਦਿਨ ਸ਼ਨਾਗ ਪਿੰਡ ਸਥਿਤ ਹੋਟਲ 'ਚ ਹੀ ਰੁਕੇ ਰਹੇ, ਹਾਲਾਂਕਿ ਉਨ੍ਹਾਂ ਨਾਲ ਆਏ ਮੰਤਰੀ ਰਾਣਾ ਗੁਰਮੀਤ ਸਿੰਘ ਅਤੇ ਉਨ੍ਹਾਂ ਦੇ ਦੋਸਤਾਂ ਨੇ ਸੋਲੰਗਨਾਲਾ ਦੀ ਸੈਰ ਕੀਤੀ।
ਤੈਅ ਪ੍ਰੋਗਰਾਮ ਤਹਿਤ ਐਤਵਾਰ ਨੂੰ ਕੈਪਟਨ ਨੇ ਸੋਲੰਗਨਾਲਾ ਸਮੇਤ ਫਾਤਰੂ ਜਾਣਾ ਸੀ, ਜਿੱਥੇ ਉਨ੍ਹਾਂ ਨੂੰ ਕੁੱਲਵੀ ਧਾਮ ਪਰੋਸੀ ਜਾਣੀ ਸੀ। ਹਿਮਾਚਲ ਦੇ ਜੰਗਲਾਤ ਵਿਭਾਗ ਦੇ ਮੰਤਰੀ ਗੋਵਿੰਦ ਸਿੰਘ ਠਾਕੁਰ ਨੇ ਐਤਵਾਰ ਦੁਪਹਿਰ ਬਾਅਦ ਕੈਪਟਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸੁਆਗਤ ਕੀਤਾ। ਉਨ੍ਹਾਂ ਨੂੰ ਕੁੱਲਵੀ ਪਰੰਪਰਾ ਮੁਤਾਬਕ ਸਨਮਾਨਿਤ ਵੀ ਕੀਤਾ।