ਨਹਿਰ ''ਚ ਪਾੜ ਪੈਣ ਕਾਰਨ ਭਰਿਆ ਪਾਣੀ

05/25/2018 8:05:32 AM

ਰਾਮਪੁਰਾ ਫੂਲ (ਰਜਨੀਸ਼) — ਸਥਾਨਕ ਸ਼ਹਿਰ 'ਚ ਪਿੰਡ ਮਹਿਰਾਜ ਸੜਕ ਨਾਲ ਚੱਲਣ ਵਾਲੀ ਛੋਟੀ ਨਹਿਰ 'ਚ ਪਾੜ ਪੈਣ ਕਾਰਨ ਉਕਤ ਨਹਿਰ ਦਾ ਪਾਣੀ ਸ਼ਹਿਰ ਦੀ ਇਕ ਬਸਤੀ ਦੇ ਨਜ਼ਦੀਕ ਵਾਲੀ ਜ਼ਮੀਨ 'ਚ ਚਲਾ ਗਿਆ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਨਹਿਰ 'ਚ ਪਾੜ ਪੈਣ ਦੀ ਸੂਚਨਾ ਮਿਲਦੇ ਹੀ ਨਹਿਰੀ ਵਿਭਾਗ ਦੇ ਸਥਾਨਕ ਐੱਸ.ਡੀ. ਓ. ਬਲਦੇਵ ਸਿੰਘ ਸੈਂਬੀ ਵਲੋਂ ਉਕਤ ਨਹਿਰ ਦੇ ਪਾਣੀ ਨੂੰ ਬੰਦ ਕਰਵਾ ਦਿੱਤਾ ਗਿਆ ਤੇ ਮੌਕੇ 'ਤੇ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਪਹੁੰਚ ਕੇ ਨਹਿਰ ਨੂੰ ਠੀਕ ਕਰਨ 'ਚ ਜੁੱਟ ਗਏ। ਜ਼ਿਕਰਯੋਗ ਹੈ ਕਿ ਉਕਤ ਨਹਿਰ ਪੱਕੀ ਬਣੀ ਹੋਈ ਹੈ ਪਰ ਵਿਭਾਗ ਵਲੋਂ ਲੰਬੇ ਸਮੇਂ ਤੋਂ ਇਸ ਦੀ ਮੁਰੰਮਤ ਨਹੀਂ ਕਰਵਾਈ ਗਈ, ਜਿਸ ਕਾਰਨ ਹੌਲੀ-ਹੌਲੀ ਕਰ ਕੇ ਉਕਤ ਨਹਿਰ 'ਚ ਲੱਗੀਆਂ ਜ਼ਿਆਦਾਤਰ ਇੱਟਾਂ ਪਾਣੀ 'ਚ ਬਹਿ ਗਈਆਂ ਹਨ, ਜਿਸ ਕਾਰਨ ਉਕਤ ਨਹਿਰ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ। ਸਥਾਨਕ ਐੱਸ.ਡੀ. ਓ. ਸੈਂਬੀ ਨੇ ਦੱਸਿਆ ਕਿ ਉਕਤ ਨਹਿਰ ਦੀ ਮੁਰੰਮਤ ਲਈ ਐਸਟੀਮੇਟ ਬਣਾ ਕੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜਿਆ ਹੋਇਆ ਹੈ ਜਿਵੇਂ ਹੀ ਉਕਤ ਐਸਟੀਮੇਟ ਦੀ ਪ੍ਰਵਾਨਗੀ ਮਿਲ ਜਾਂਦੀ ਹੈ, ਉਕਤ ਨਹਿਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।