ਨਾਫਟਾ ਗੱਲਬਾਤ ''ਤੇ ਕੈਨੇਡਾ ਤੇ ਮੈਕਸੀਕੋ ਨਾਲ ਸਿੱਝਣਾ ਬਹੁਤ ਮੁਸ਼ਕਲ : ਟਰੰਪ

05/24/2018 11:06:27 PM

ਓਟਾਵਾ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਰਥ ਅਮਰੀਕਾ ਫਰੀ ਟ੍ਰੇਡ ਐਗਰੀਮੈਂਟ (ਨਾਫਟਾ) 'ਤੇ ਕੈਨੇਡਾ ਤੇ ਮੈਕਸੀਕੋ ਦੀ ਨਿੰਦਾ ਕੀਤੀ ਤੇ ਕਿਹਾ ਕਿ ਅਮਰੀਕਾ ਦੇ ਦੋਵੇਂ ਬਹੁਤ ਮੁਸ਼ਕਲ ਗੁਆਂਢੀ ਹਨ।  ਡੋਨਾਲਡ ਟਰੰਪ ਨੇ ਕੈਨੇਡਾ ਤੇ ਮੈਕਸੀਕੋ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਦੋਵਾਂ ਨਾਲ ਸਿੱਝਣਾ ਕਾਫੀ ਮੁਸ਼ਕਲ ਹੈ।
ਵ੍ਹਾਈਟ ਹਾਊਸ ਵਲੋਂ ਇੰਪੋਰਟਿਡ ਵਾਹਨਾਂ 'ਤੇ 25 ਫੀਸਦੀ ਟੈਰਿਫ ਲਾਏ ਜਾਣ ਦੀ ਮੀਡੀਆ 'ਚ ਚੱਲ ਰਹੀ ਚਰਚਾ ਦੌਰਾਨ ਟਰੰਪ ਵਲੋਂ ਇਹ ਬਿਆਨ ਆਇਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ ਕਿ ਲੰਮੇਂ ਸਮੇਂ ਤੋਂ ਇਹ ਦੇਸ਼ ਅਮਰੀਕਾ ਦਾ ਫਾਇਦਾ ਚੁੱਕਦੇ ਆਏ ਹਨ। ਉਨ੍ਹਾਂ ਦੀਆਂ ਬੇਨਤੀਆਂ ਤੋਂ ਅਸੀਂ ਖੁਸ਼ ਨਹੀਂ ਹਾਂ। ਉਨ੍ਹਾਂ ਕਿਹਾ ਕਿ ਉਹ ਆਖਣਾ ਚਾਹੁੰਦੇ ਹਨ ਕਿ ਅੰਤ 'ਚ ਜਿੱਤ ਸਾਡੀ ਹੀ ਹੋਵੇਗੀ ਤੇ ਇਹ ਸਾਡੀ ਵੱਡੀ ਪ੍ਰਾਪਤੀ ਹੋਵੇਗੀ। ਜ਼ਿਕਰਯੋਗ ਹੈ ਕਿ ਕਈ ਮਹੀਨਿਆਂ ਤੋਂ ਤਿੰਨੇ ਮੁਲਕ ਨਾਫਟਾ ਸਬੰਧੀ ਗੱਲਬਾਤ 'ਚ ਰੁੱਝੇ ਹੋਏ ਹਨ। ਟਰੰਪ ਦਾ ਕਹਿਣਾ ਹੈ ਕਿ ਉਸ ਦੇ ਟਰੇਡਿੰਗ ਭਾਈਵਾਲ ਜਿਸ ਚੀਜ਼ ਦੀ ਮੰਗ ਕਰ ਰਹੇ ਹਨ ਉਹ ਜਾਇਜ਼ ਨਹੀਂ ਹੈ।
ਟਰੰਪ ਦੀਆਂ ਇਨ੍ਹਾਂ ਟਿੱਪਣੀਆਂ ਉੱਤੇ ਪ੍ਰਤੀਕਿਰਿਆ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਹਰੇਕ ਤਰ੍ਹਾਂ ਦੀ ਗੱਲਬਾਤ ਹੀ ਚੁਣੌਤੀਪੂਰਨ ਹੁੰਦੀ ਹੈ। ਉਨ੍ਹਾਂ ਅੱਗੇ ਆਖਿਆ ਕਿ ਕੈਨੇਡਾ ਨਵੀਂ ਨਾਫਟਾ ਡੀਲ 'ਤੇ ਕੰਮ ਕਰਨਾ ਜਾਰੀ ਰੱਖੇਗਾ। ਇਹ ਅਜਿਹੀ ਡੀਲ ਹੈ ਜਿਸ ਨਾਲ ਸਾਡੇ ਤਿੰਨਾਂ ਮੁਲਕਾਂ ਦੇ ਨਾਗਰਿਕ ਡੂੰਘਾਈ ਨਾਲ ਜੁੜੇ ਹੋਏ ਹਨ।