ਭਾਜਪਾ ਭ੍ਰਿਸ਼ਟਾਚਾਰ ਮੁਕਤ, ਪਾਰਦਰਸ਼ੀ, ਫੈਸਲਾਕੁੰਨ, ਲੋਕ ਹਿਤੈਸ਼ੀ ਫੈਸਲੇ ਲੈ ਕੇ ਦੇਸ਼ ਨੂੰ ਵਿਕਾਸ ਦੀ ਰਾਹ ''ਤੇ ਲਿਜਾ ਰਹੀ ਹੈ

05/31/2018 6:38:46 AM

ਜਲੰਧਰ (ਰਾਹੁਲ, ਗੁਲਸ਼ਨ) - ਭਾਜਪਾ ਭ੍ਰਿਸ਼ਟਾਚਾਰ ਮੁਕਤ, ਪਾਰਦਰਸ਼ੀ, ਫੈਸਲਾਕੁੰਨ, ਲੋਕ ਹਿਤੈਸ਼ੀ ਫੈਸਲਾ ਲੈ ਕੇ ਦੇਸ਼ ਨੂੰ ਵਿਕਾਸ ਦੀ ਰਾਹ 'ਤੇ ਲਿਜਾ ਰਹੀ ਹੈ, ਦੂਜੇ ਪਾਸੇ ਲੋਕਤੰਤਰ ਨੂੰ ਛਿੱਕੇ ਟੰਗ ਕੇ ਇਕ ਹੀ ਪਰਿਵਾਰ ਦੀ ਸਿਆਸਤ ਕਰਨ ਵਾਲੀ ਕਾਂਗਰਸ ਅੱਜ ਲੋਕਤੰਤਰ ਦੀ ਦੁਹਾਈ ਦੇ ਰਹੀ ਹੈ। ਉਕਤ ਸ਼ਬਦ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਦੀ ਭਾਜਪਾ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ  ਮੌਕੇ 'ਤੇ ਜਲੰਧਰ 'ਚ ਆਯੋਜਿਤ ਪੱਤਰਕਾਰ ਸੰਮੇਲਨ ਦੌਰਾਨ ਕਹੇ। ਚੁੱਘ ਨੇ ਕਿਹਾ ਕਿ ਦੇਸ਼ 'ਚ ਪਰਿਵਾਰਵਾਦ, ਜਾਤੀਵਾਦ ਅਤੇ ਤੁਸ਼ਟੀਕਰਨ ਦੀ ਸਿਆਸਤ ਦਾ ਯੁਗ ਖਤਮ ਹੋਇਆ ਹੈ। ਹੁਣ ਵਿਕਾਸ ਅਤੇ ਜਨਸੇਵੀ ਸਰਕਾਰ 'ਸਬਕਾ ਸਾਥ ਸਬਕਾ ਵਿਕਾਸ' ਦੇ ਟੀਚੇ ਨਾਲ ਕੰਮ ਕਰ ਰਹੀ ਹੈ। ਆਜ਼ਾਦ ਭਾਰਤ 'ਚ ਨਰਿੰਦਰ ਮੋਦੀ ਅਜਿਹੇ ਪ੍ਰਧਾਨ ਮੰਤਰੀ ਹਨ, ਜੋ ਲਗਾਤਾਰ 18 ਘੰਟਿਆਂ ਤਕ ਕੰਮ ਕਰਨ ਵਾਲੇ ਪ੍ਰਧਾਨ ਮੰਤਰੀ ਹਨ ਅਤੇ ਪੂਰੀ ਦੁਨੀਆ 'ਚ ਉਨ੍ਹਾਂ ਦੀ ਲੋਕਪ੍ਰਿਯਤਾ, ਦੂਰਦਰਸ਼ਤਾ ਅਤੇ ਫੈਸਲਾ ਲੈਣ ਦੀ ਯੋਗਤਾ ਦਾ ਸਿੱਕਾ ਮੰਨਿਆ ਜਾਂਦਾ ਹੈ।
ਦੇਸ਼ 'ਚ ਵਿਰੋਧੀਆਂ ਵਲੋਂ ਵਾਰ-ਵਾਰ ਝੂਠ ਬੋਲਣ ਅਤੇ ਨਾਂਹਪੱਖੀ ਸਿਆਸਤ ਦੇ ਉਲਟ ਮੋਦੀ ਵਲੋਂ ਦੇਸ਼ ਨੂੰ ਵਿਵਸਥਿਤ, ਆਰਥਿਕ ਤੌਰ 'ਤੇ ਮਜ਼ਬੂਤ ਅਤੇ ਸਾਰੀਆਂ ਸਹੂਲਤਾਂ ਨਾਲ ਲੈਸ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਚੁੱਘ ਨੇ ਕਿਹਾ ਕਿ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣੀ ਹੈ ਅਤੇ ਮਹਿੰਗਾਈ ਦਰ ਕਾਬੂ 'ਚ ਹੈ ਤੇ ਵਿਦੇਸ਼ੀ ਮੁਦਰਾ ਭੰਡਾਰ ਵੀ ਆਪਣੇ ਰਿਕਾਰਡ ਪੱਧਰ 'ਤੇ ਹੈ। ਪ੍ਰਧਾਨ ਮੰਤਰੀ ਵਲੋਂ ਫਸਲ ਬੀਮਾ ਯੋਜਨਾ ਰਾਹੀਂ ਦੇਸ਼ ਦੇ ਕਰੋੜਾਂ ਕਿਸਾਨਾਂ ਦਾ ਉਤਸ਼ਾਹ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 2014 ਦਾ ਲੋਕ ਫਤਵਾ ਕਾਂਗਰਸ ਦੇ ਯੂ. ਪੀ. ਏ. ਸਰਕਾਰ ਕਾਰਨ ਦੇਸ਼ 'ਚ ਆਈ ਨਿਰਾਸ਼ਾ ਨੂੰ ਖਤਮ ਕਰ ਕੇ ਉਮੀਦ ਅਤੇ ਦੇਸ਼ ਦੇ ਸਰਵਪੱਖੀ ਵਿਕਾਸ ਦਾ ਸੁਪਨਾ ਦੇਖਣ ਵਾਲੇ ਲੋਕਾਂ ਨੇ ਦਿੱਤਾ ਸੀ। ਇਸ ਭਰੋਸੇ ਨੂੰ ਪੂਰਾ ਕਰਨ ਲਈ ਮੋਦੀ ਸਰਕਾਰ ਦਿਨ-ਰਾਤ ਲੋਕਹਿਤ ਦੇ ਫੈਸਲੇ ਲੈ ਰਹੀ ਹੈ। ਦੇਸ਼ ਦੇ ਹਰ ਪਿੰਡ ਤਕ ਬਿਜਲੀ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਯੋਜਨਾ ਤਹਿਤ ਇਕ ਕਰੋੜ ਘਰਾਂ 'ਚ ਬਿਜਲੀ ਪਹੁੰਚਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ ਜਦਕਿ ਸਰਕਾਰ ਨੇ 4 ਕਰੋੜ ਹੋਰ ਘਰਾਂ ਤਕ ਬਿਜਲੀ ਪਹੁੰਚਾਉਣ ਦਾ ਟੀਚਾ ਤੈਅ ਕੀਤਾ ਹੈ। ਇਸ ਨੂੰ 2019 ਦੇ ਲੋਕ ਫਤਵੇ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਹਰ ਗਰੀਬ ਨੂੰ ਛੱਤ ਦੇਣ ਦੀ ਮੁਹਿੰਮ ਤਹਿਤ ਵੀ ਇਕ ਕਰੋੜ ਘਰ ਦਿੱਤੇ ਜਾ ਚੁੱਕੇ ਹਨ। ਉਜਵਲਾ ਯੋਜਨਾ ਦੇ ਤਹਿਤ ਸਾਢੇ ਤਿੰਨ ਕਰੋੜ ਤੋਂ ਵੱਧ ਮੁਫਤ ਗੈਸ ਕੁਨੈਕਸ਼ਨ ਵੰਡੇ ਜਾ ਚੁੱਕੇ ਹਨ। 
ਚੁੱਘ ਨੇ ਕਿਹਾ ਕਿ ਸਟੈਂਡਅਪ, ਸਟਾਰਟਅਪ, ਸਕਿਲ ਇੰਡੀਆ ਅਤੇ ਮੁਦਰਾ ਯੋਜਨਾ ਰਾਹੀਂ ਬੇਰੋਜ਼ਗਾਰਾਂ ਨੂੰ ਰੁਜ਼ਗਾਰ ਦੇਣ ਦਾ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਮੁਦਰਾ ਯੋਜਨਾ ਰਾਹੀਂ 9 ਕਰੋੜ ਤੋਂ ਵੱਧ ਲੋਕਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 10 ਕਰੋੜ ਪਰਿਵਾਰਾਂ ਯਾਨੀ ਲੱਗਭਗ 50 ਕਰੋੜ ਲੋਕਾਂ ਨੂੰ ਮੁਫਤ ਸਿਹਤ ਬੀਮਾ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। 
ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸੂਬਾ ਉਪ ਪ੍ਰਧਾਨ ਮਹਿੰਦਰ ਭਗਤ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਯੁਵਾ ਮੋਰਚਾ ਸੂਬਾ ਪ੍ਰਧਾਨ ਸਨੀ ਸ਼ਰਮਾ, ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ, ਜਨਰਲ ਸਕੱਤਰ ਅਜੇ ਜੋਸ਼ੀ, ਰਮਨ ਪੱਬੀ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ।