5 ਕਿਸਾਨਾਂ ਦੀ ਖੁਦਕੁਸ਼ੀ ਨਾਲ ਕਰਜ਼ਾ ਮੁਆਫੀ ਸਕੀਮ ਦਾ ਪਰਦਾਫਾਸ਼ : ਮਜੀਠੀਆ

05/17/2018 6:24:58 AM

ਚੰਡੀਗੜ੍ਹ(ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇਕ ਦਿਨ ਵਿਚ 5 ਕਿਸਾਨਾਂ ਵਲੋਂ ਕੀਤੀ ਖੁਦਕੁਸ਼ੀ ਨੇ ਨਾ ਸਿਰਫ ਕਾਂਗਰਸ ਸਰਕਾਰ ਦੀ ਜਾਅਲੀ ਕਰਜ਼ਾ ਮੁਆਫੀ ਸਕੀਮ ਦਾ ਪਰਦਾਫਾਸ਼ ਕਰ ਦਿੱਤਾ ਹੈ, ਸਗੋਂ ਇਹ ਗੱਲ ਵੀ ਜਗ ਜ਼ਾਹਿਰ ਕਰ ਦਿੱਤੀ ਹੈ ਕਿ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੀਤੀ ਜਾ ਰਹੀ ਕੁਰਕੀ ਉਨ੍ਹਾਂ ਨੂੰ ਆਤਮਘਾਤ ਦੇ ਰਾਹ ਵੱਲ ਧੱਕ ਰਹੀ ਹੈ।
ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਤੱਥ ਇਹ ਹੈ ਕਿ ਪੰਜ ਕਿਸਾਨਾਂ ਵਲੋਂ ਕੀਤੀ ਖੁਦਕੁਸ਼ੀ ਨੇ ਕਾਂਗਰਸ ਸਰਕਾਰ ਵਲੋਂ ਆਪਣੀ ਕਰਜ਼ਾ ਮੁਆਫੀ ਸਕੀਮ ਦੀ ਕਾਮਯਾਬੀ ਬਾਰੇ ਕੀਤੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੱਥ ਦੱਸਦੇ ਹਨ ਕਿ ਬਠਿੰਡਾ (ਜਿਥੇ ਚਾਰ ਕਿਸਾਨਾਂ ਨੇ ਖੁਦਕੁਸ਼ੀ ਕੀਤੀ) ਤੇ ਸੰਗਰੂਰ (ਜਿਥੇ ਇਕ ਕਿਸਾਨ ਨੇ ਖੁਦਕੁਸ਼ੀ ਕੀਤੀ) ਵਰਗੇ ਜ਼ਿਲਿਆਂ ਵਿਚ ਪਿਛਲੇ ਕੁੱਝ ਮਹੀਨਿਆਂ ਦੌਰਾਨ ਖੁਦਕੁਸ਼ੀਆਂ ਵਿਚ ਕਾਫੀ ਵਾਧਾ ਹੋਇਆ ਹੈ। ਕਾਂਗਰਸ ਸਰਕਾਰ ਦੇ ਇਕ ਸਾਲ ਤੋਂ ਥੋੜ੍ਹੇ ਜਿਹੇ ਵਧ ਦੇ ਕਾਰਜਕਾਲ ਦੌਰਾਨ 450 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਹਿਕਾਰਤਾ ਵਿਭਾਗ ਵਲੋਂ 2 ਤੋਂ 5 ਲੱਖ ਰੁਪਏ ਤਕ ਦੇ ਕਰਜ਼ਾਈ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਸ਼ੁਰੂ ਕੀਤੇ ਜਾਣ ਕਰਕੇ ਵੀ ਖੁਦਕੁਸ਼ੀਆਂ ਦੀ ਦਰ ਵਿਚ ਵਾਧਾ ਹੋ ਰਿਹਾ ਹੈ। ਕਾਂਗਰਸ ਸਰਕਾਰ ਨੇ ਵੀ ਕੁਰਕੀ ਨੂੰ ਰੋਕਣ ਵਾਸਤੇ ਕੈਬਨਿਟ ਵਿਚ ਇਕ ਫੈਸਲਾ ਲਿਆ ਸੀ ਪਰ ਸਹਿਕਾਰਤਾ ਵਿਭਾਗ ਸ਼ਰੇਆਮ ਛੋਟੇ ਕਿਸਾਨਾਂ ਤੋਂ ਉਗਰਾਹੀ ਲਈ ਹਰ ਹੀਲਾ ਵਰਤ ਰਿਹਾ ਹੈ, ਜਿਸ ਕਰਕੇ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਹੇ ਹਨ।