ਭਾਕਿਯੂ ਨੇ ਰੁਕਵਾਈ ਜ਼ਮੀਨ ਦੀ ਕੁਰਕੀ, ਬੇਰੰਗ ਪਰਤੇ ਅਧਿਕਾਰੀ

05/25/2018 11:26:13 AM

ਭਦੌੜ (ਰਾਕੇਸ਼) — ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਕਿਸਾਨ ਅਮਰ ਸਿੰਘ ਪੁੱਤਰ ਪੂਰਨ ਸਿੰਘ ਦੀ ਜ਼ਮੀਨ ਦੀ ਕੁਰਕੀ ਰਕਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਨੇ ਦੱਸਿਆ ਕਿ ਅਮਰ ਸਿੰਘ ਵਾਸੀ ਭਦੌੜ ਦੀ ਜ਼ਮੀਨ ਦੀ ਅੱਜ ਨਿਲਾਮੀ ਹੋਣੀ ਸੀ, ਜੋ ਉਨ੍ਹਾਂ ਰੁਕਵਾ ਦਿੱਤੀ, ਜਿਸ ਕਾਰਨ ਨੀਲਾਮੀ ਕਰਨ ਆਏ ਅਧਿਕਾਰੀਆਂ ਨੂੰ ਬੇਰੰਗ ਪਰਤਣਾ  ਪਿਆ। 
ਕੀ ਹੈ ਮਾਮਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਦੱਸਿਆ ਕਿ ਅਮਰ ਸਿੰਘ ਨੇ 1999 'ਚ ਬੈਂਕ ਤੋਂ 5 ਲੱਖ 70 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ, ਜੋ ਬੈਂਕ ਵਲੋਂ ਵਿਆਜ ਤੇ ਵਿਆਜ ਲਾਉਣ ਕਾਰਨ 23 ਲੱਖ 67 ਹਜ਼ਾਰ 611 ਰੁਪਏ ਹੋ ਗਿਆ। ਪੀੜਤ ਕਿਸਾਨ ਤੁਰਨ-ਫਿਰਨ ਤੋਂ ਅਸਮਰੱਥ ਸੀ। ਇਸ ਲਈ ਕੁਰਕੀ ਦੇ ਵਿਰੋਧ 'ਚ ਬਲਾਕ ਦੇ ਪ੍ਰਧਾਨ ਭੋਲਾ ਸਿੰਘ ਛੰਨਾ ਗੁਲਾਬ ਸਿੰਘ ਵਾਲਾ, ਕੁਲਵੰਤ ਸਿੰਘ, ਬੂਟਾ ਸਿੰਘ ਢਿੱਲਵਾਂ, ਲਖਵੀਰ ਸਿੰਘ ਦੁੱਲਮਸਰ, ਰਾਮ ਸਿੰਘ ਸ਼ਹਿਣਾ ਸਣੇ ਸਾਰੇ ਆਗੂ ਆਪਣੇ ਪਿੰਡਾਂ 'ਚੋਂ ਆ ਕੇ ਤਹਿਸੀਲ 'ਚ ਬੈਠੇ ਸਨ।
ਕਿਸਾਨ ਆਗੂਆਂ ਨੇ ਤਹਿਸੀਲ ਕੰਪਲੈਕਸ 'ਚ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਰਜ਼ਾ, ਕੁਰਕੀ ਖਤਮ ਕਰਨ ਦਾ ਢਿੰਡੌਰਾ ਪਿੱਟ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕੀਤੀਆਂ ਜਾ ਰਹੀਆਂ ਹਨ।
ਜਦੋਂ ਇਸ ਸਬੰਧੀ ਨਾਇਬ ਤਹਿਸੀਲਦਾਰ ਹਰਪਾਲ ਸਿੰਘ ਰਾਏ ਭਦੌੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਨੇ ਬੈਂਕ ਤੋਂ ਕਰਜ਼ਾ ਲਿਆ ਸੀ ਤੇ ਉਸ ਸਬੰਧ 'ਚ ਬੈਂਕ ਨਾਲ ਸਬੰਧਤ ਅਧਿਕਾਰੀ ਜ਼ਮੀਨ ਦੀ ਕੁਰਕੀ ਕਰਨ ਲਈ ਪੁੱਜੇ ਸਨ ਪਰ ਕਿਸਾਨ ਯੂਨੀਅਨ ਵਲੋਂ ਵਿਰੋਧ ਕਰਨ ਕਰ ਕੇ ਬਿਨਾਂ ਕੁਰਕੀ ਕੀਤੇ ਹੀ ਪਰਤ ਆਏ। ਇਸ ਮੌਕੇ ਨਾਇਬ ਤਹਿਸੀਲਦਾਰ ਨਾਲ ਥਾਣਾ ਭਦੌੜ ਦੇ ਮੁੱਖੀ ਪ੍ਰਗਟ ਸਿੰਘ ਤੋਂ ਇਲਾਵਾ ਸਮੁੱਚੀ ਟੀਮ ਵੀ ਹਾਜ਼ਰ ਸੀ।