ਜ਼ਹਿਰੀਲਾ ਬਿਆਸ : ਮੰਡ ਖੇਤਰ ਅੰਦਰ ਦਰਿਆ ਦੇ ਪਾਣੀ ''ਚੋਂ ਆ ਰਹੀ ਹੈ ਬਦਬੂ

05/24/2018 10:06:32 AM

ਸੁਲਤਾਨਪੁਰ ਲੋਧੀ, (ਅਸ਼ਵਨੀ)—ਪਿਛਲੇ ਦਿਨੀਂ ਦਰਿਆ ਬਿਆਸ 'ਚ ਪਏ ਗੰਦੇ ਪਾਣੀ ਨਾਲ ਮੱਛੀਆਂ ਤੇ ਹੋਰ ਜਲ ਜੀਵ ਪਾਣੀ 'ਚ ਹੀ ਸਮਾਧੀ ਲੈਣ ਨੂੰ ਮਜਬੂਰ ਹੋ ਗਏ ਹਨ, ਜਿਸ ਤੋਂ ਬਾਅਦ ਮੰਡ ਖੇਤਰ ਅੰਦਰ ਦਰਿਆ ਬਿਆਸ ਦੇ ਇਲਾਕੇ ਦਾ ਦੌਰਾ ਕਰਨ ਮਗਰੋਂ ਮਹਿਸੂਸ ਇਹ ਕੀਤਾ ਗਿਆ ਕਿ ਦਰਿਆ 'ਚੋਂ ਅਜੇ ਵੀ ਬਦਬੂ ਆਉਣ ਦੇ ਕਾਰਨ ਸਥਾਨਕ ਲੋਕ ਸਹਿਮ ਦੇ ਮਾਹੌਲ 'ਚ ਹਨ।
ਲੋਕਾਂ ਦਾ ਕਹਿਣਾ ਸੀ ਕਿ ਦਰਿਆਵਾਂ ਦੀ ਸਵੱਛਤਾ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰਾਂ ਜਿੰਨੀ ਗੰਭੀਰਤਾ ਦਾ ਦਿਖਾਵਾ ਕਰ ਰਹੀਆਂ ਹਨ, ਪ੍ਰਸ਼ਾਸਨ ਓਨਾ ਹੀ ਉਦਾਸੀਨ ਹੈ। ਦਰਿਆਵਾਂ ਨੂੰ ਗੰਭੀਰਤਾ ਤੇ ਪ੍ਰਦੂਸ਼ਣ ਮੁਕਤ ਬਣਾਉਣ ਵਾਸਤੇ ਕੋਈ ਕਾਰਜ ਯੋਜਨਾ ਨਹੀਂ ਬਣੀ ਹੈ। ਲੋਕਾਂ ਦਾ ਕਹਿਣਾ ਹੈ ਕਿ ਦਰਿਆ ਸਤਲੁਜ ਦਾ ਤਾਂ ਇਸ ਤੋਂ ਵੀ ਬੁਰਾ ਹਾਲ ਹੋ ਚੁੱਕਿਆ ਹੈ, ਜਿਥੇ ਪਾਣੀ ਦੇ ਪ੍ਰਦੂਸ਼ਿਤ ਹੋਣ ਕਾਰਨ ਮੱਛੀਆਂ ਤੇ ਹੋਰ ਜਲ ਜੀਵਾਂ ਦਾ ਜੀਵਨ ਖਤਰੇ 'ਚ ਪੈ ਚੁੱਕਾ ਹੈ। 
ਦਰਿਆ ਬਿਆਸ ਦੇ ਨਾਲ ਵਸੇ ਪਿੰਡ ਪੱਸਣ ਕਦੀਮ, ਸਾਂਗਰਾ, ਪੱਸਣ ਜਦੀਦ, ਮੰਡ ਕਰਮੂਵਾਲਾ, ਮੰਡ ਹਜਾਰਾ, ਭੀਮ ਕਦੀਮ ਆਦਿ ਪਿੰਡ ਨਾਲ ਸਬੰਧਿਤ ਲੋਕਾਂ ਨਾਲ ਮੌਕੇ 'ਤੇ ਜਾ ਕੇ ਕੀਤੀ ਗਈ ਗੱਲਬਾਤ 'ਚ ਸੁਖਵਿੰਦਰ ਸਿੰਘ, ਅਜੀਤ ਸਿੰਘ, ਸਾਹਿਬ ਸਿੰਘ, ਨਿਸ਼ਾਨ ਸਿੰਘ, ਸੁਖਚੈਨ ਸਿੰਘ ਪੱਸਣ ਕਦੀਮ, ਸੁਖਪ੍ਰੀਤ ਸਿੰਘ ਸੁੱਖਾ ਆਦਿ ਨੇ ਕਿਹਾ ਕਿ ਦਰਿਆ ਬਿਆਸ ਦੀ ਇੰਨੀ ਬੁਰੀ ਹਾਲਤ ਪਹਿਲਾਂ ਨਹੀਂ ਸੀ, ਜਿਹੜੀ ਪਿਛਲੇ ਕੁਝ ਦਿਨ ਪਹਿਲਾਂ ਇਕ ਫੈਕਟਰੀ 'ਚੋਂ ਸੀਰਾ ਦਰਿਆ 'ਚ ਆਉਣ ਮਗਰੋਂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਦਰਿਆ ਖੇਤਰ 'ਚ ਲਗਭਗ 20 ਪਿੰਡਾਂ ਦੇ ਲੋਕ ਅਜੇ ਵੀ ਡਰ ਦੇ ਮਾਹੌਲ 'ਚੋਂ ਉਭਰ ਨਹੀਂ ਸਕੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪ੍ਰਸ਼ਾਸਨ ਵਲੋਂ ਦਰਿਆ 'ਚ ਪਾਣੀ 3000 ਕਿਊਸਿਕ ਸਾਫ ਪਾਣੀ ਛੱਡੇ ਜਾਣ ਦੇ ਵਾਅਦੇ ਕੀਤੇ ਜਾ ਰਹੇ ਹਨ ਪਾਣੀ 'ਚੋਂ ਆ ਰਹੀ ਬਦਬੂ ਕਾਰਨ ਲੋਕਾਂ ਦੇ ਮਨਾਂ ਅੰਦਰ ਅਜੇ ਤਕ ਵੀ ਸ਼ੱਕ ਵਾਲੀ ਸਥਿਤੀ ਬਣੀ ਹੋਈ ਹੈ। 
ਉਨ੍ਹਾਂ ਮੰਗ ਕੀਤੀ ਕਿ ਦਰਿਆਵਾਂ ਦੇ ਪਾਣੀ ਨੂੰ ਗੰਦਲਾ ਬਣਾਉਣ ਦੇ ਫੈਕਟਰੀ ਮਾਲਕਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ ਹਵਾ, ਸਾਫ ਪਾਣੀ ਦੇਣਾ ਤੇ ਕੁਦਰਤੀ ਸਰੋਤਾਂ ਨੂੰ ਪ੍ਰਦੂਸ਼ਣ ਤੋਂ ਮੁਕਤ ਰੱਖਣਾ ਸਰਕਾਰ ਦੀ ਮੁੱਖ ਡਿਊਟੀ ਬਣਦੀ ਹੈ।