13 ਸਾਲਾ ਬੱਚੀ ਨੇ ਸ਼ਾਰਕ ਤੋਂ ਬਚਾਈ ਦੂਜੀ ਲੜਕੀ ਦੀ ਜਾਨ, ਮਿਲਿਆ ਅਵਾਰਡ

05/04/2018 1:42:26 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਪਰਥ ਦੀ ਰਹਿਣ ਵਾਲੀ 13 ਸਾਲਾ ਲੀਡੀਆ ਵਾਟਸ ਨੇ ਅਜਿਹਾ ਕੰਮ ਕੀਤਾ ਜੋ ਉਸ ਦੀ ਉਮਰ ਦੇ ਬਹੁਤ ਸਾਰੇ ਬਾਲਗ ਵੀ ਨਾ ਕਰ ਪਾਉਂਦੇ। ਅਸਲ ਵਿਚ ਲੀਡੀਆ ਆਪਣੇ ਪਰਿਵਾਰ ਨਾਲ ਛੁੱਟੀਆਂ 'ਤੇ ਸੀ। ਉਸ ਦੌਰਾਨ ਲੀਡੀਆ ਨੇ ਇਕ ਹੋਰ ਲੜਕੀ ਦੀ ਮਦਦ ਕੀਤੀ, ਜਿਸ 'ਤੇ ਸ਼ਾਰਕ ਨੇ ਹਮਲਾ ਕਰ ਦਿੱਤਾ ਸੀ। ਲੀਡੀਆ ਦੀ ਬਹਾਦੁਰੀ ਲਈ ਹੁਣ ਉਸ ਨੂੰ ਸਨਮਾਨਿਤ ਕੀਤਾ ਗਿਆ ਹੈ।
ਪੱਛਮੀ ਆਸਟ੍ਰੇਲੀਆ ਦੇ ਵਾਈਲੀ ਬੇਅ ਵਿਚ ਲੈਟੀਸੀਆ ਬਰੂਅਰ ਨਾਂ ਦੀ ਲੜਕੀ ਆਪਣੇ ਪਿਤਾ ਨਾਲ ਤੈਰਾਕੀ ਕਰ ਰਹੀ ਸੀ। ਅਚਾਨਕ ਉਸ 'ਤੇ ਇਕ ਵੱਡੀ ਚਿੱਟੀ ਸ਼ਾਰਕ ਨੇ ਹਮਲਾ ਕਰ ਦਿੱਤਾ। ਉਹ ਮਦਦ ਲਈ ਚੀਕ ਰਹੀ ਹੀ। ਉਸ ਸਮੇਂ ਲੀਡੀਆ ਵੀ ਉੱਥੇ ਮੌਜੂਦ ਸੀ। ਲੀਡੀਆ ਜੋ ਕਿ ਖੁਦ ਸ਼ਾਰਕ ਤੋਂ ਡਰਦੀ ਸੀ, ਉਸ ਨੇ ਆਪਣੇ ਡਰ 'ਤੇ ਕਾਬੂ ਕਰਦਿਆਂ ਲੈਟੀਸੀਆ ਨੂੰ ਸਰਫਬੋਰਡ 'ਤੇ ਰੱਖਿਆ ਅਤੇ ਪੀੜਤਾ ਦੇ ਪਰੇਸ਼ਾਨ ਪਿਤਾ ਦੀ ਮਦਦ ਨਾਲ ਉਸ ਨੂੰ ਖਿੱਚ ਕੇ ਕਿਨਾਰੇ ਤੱਕ ਲਿਆਂਦਾ। ਲੀਡੀਆ ਨੇ ਦੱਸਿਆ,''ਮੈਂ ਦੌੜ ਕੇ ਲੈਟੀਸੀਆ ਤੇ ਉਸ ਦੇ ਪਿਤਾ ਤੱਕ ਪਹੁੰਚੀ। ਉਹ ਮਦਦ ਲਈ ਚੀਕ ਰਹੀ ਸੀ। ਦੂਜੇ ਪਾਸ ਉਸ ਦੀ ਮਾਂ ਬੀਚ 'ਤੇ ਮਦਦ ਦੀ ਮੰਗ ਕਰ ਰਹੀ ਸੀ। ਮੈਂ ਸੱਚਮੁੱਚ ਡਰ ਗਈ ਸੀ।'' ਉਸ ਨੇ ਅੱਗੇ ਦੱਸਿਆ ਕਿ ਪਾਣੀ ਵਿਚ ਬਹੁਤ ਸਾਰਾ ਖੂਨ ਸੀ। ਉਹ ਲੈਟੀਸੀਆ ਨੂੰ ਬੋਰਡ ਤੱਕ ਲੈ ਗਈ। ਫਿਰ ਉਸ ਨੂੰ ਕਿਨਾਰੇ ਤੱਕ ਖਿੱਚ ਕੇ ਲਿਆਂਦਾ। ਨਰਸ ਦੇ ਉੱਥੇ ਪਹੁੰਚਣ ਤੱਕ ਉਸ ਨੇ ਲੈਟੀਸੀਆ ਨੂੰ ਮੁੱਢਲੀ ਸਹਾਇਤਾ ਅਤੇ ਸੀ. ਪੀ. ਆਰ. ਦੇਣ ਵਿਚ ਮਦਦ ਕੀਤੀ। 
ਅੱਜ ਉਸ ਨੂੰ ਸਰਫ ਲਾਈਫ ਸੇਵਿੰਗ ਆਸਟ੍ਰੇਲੀਆ ਵੱਲੋਂ ਇਕ ਬਹਾਦੁਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਸ ਦੇ ਨਾਲ 22 ਹੋਰ ਲੋਕਾਂ ਨੂੰ ਬਹਾਦੁਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਇਕ ਨੌਜਵਾਨ ਜੇਸਨ ਜੋਹਾਨਸਨ ਵੀ ਸੀ।