ਆਸਟਰੇਲੀਆ ਨੂੰ ਮੁੜ ਇੱਜ਼ਤ ਲਈ ਕਰਨੀ ਪਵੇਗੀ ਮਿਹਨਤ : ਲੈਂਗਰ

Friday, May 04, 2018 - 10:46 AM (IST)

ਮੈਲਬੋਰਨ (ਬਿਊਰੋ)— ਆਸਟਰੇਲੀਆਈ ਕ੍ਰਿਕਟ ਟੀਮ ਦੇ ਵੀਰਵਾਰ ਨੂੰ ਨਵ-ਨਿਯੁਕਤ ਕੋਚ ਜਸਟਿਨ ਲੈਂਗਰ ਨੇ ਕਿਹਾ ਕਿ ਬਾਲ ਟੈਂਪਰਿੰਗ ਮਾਮਲੇ ਕਾਰਨ ਰਾਸ਼ਟਰੀ ਟੀਮ ਦੇ ਅਕਸ ਨੂੰ ਜਿਹੜਾ ਨੁਕਸਾਨ ਹੋਇਆ ਹੈ, ਉਸ ਵਿਚੋਂ ਨਿਕਲਣਾ ਤੇ ਮੁੜ ਤੋਂ ਇੱਜ਼ਤ ਹਾਸਲ ਕਰਨ ਲਈ ਹੁਣ ਖਿਡਾਰੀਆਂ ਨੂੰ ਮਿਹਨਤ ਕਰਨੀ ਪਵੇਗੀ।
ਦੱਖਣੀ ਅਫਰੀਕਾ ਦੌਰੇ ਦੌਰਾਨ ਹੋਏ ਬਾਲ ਟੈਂਪਰਿੰਗ ਮਾਮਲੇ ਤੋਂ ਬਾਅਦ ਆਸਟਰੇਲੀਆਈ ਟੀਮ ਦੇ ਕੋਚ ਡੈਰੇਨ ਲੇਹਮੈਨ ਨੇ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਹੁਣ ਲੈਂਗਰ ਨੂੰ ਟੀਮ ਦਾ ਨਵਾਂ ਕੋਚ ਨਿਯੁਕਤ ਕੀਤਾ ਗਿਆ ਹੈ। ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਲੈਂਗਰ ਨੂੰ ਹਾਲਾਂਕਿ ਮੁਸ਼ਕਿਲ ਦੌਰ ਵਿਚੋਂ ਲੰਘ ਰਹੀ ਟੀਮ ਦੀ ਕਮਾਨ ਸੌਂਪੀ ਗਈ ਹੈ, ਜਿਸ ਦੇ ਸਟਾਰ ਖਿਡਾਰੀ ਤੇ ਕਪਤਾਨ ਸਟੀਵ ਸਮਿਥ ਅਤੇ ਉਪ ਕਪਤਾਨ ਡੇਵਿਡ ਵਾਰਨਰ ਇਕ ਸਾਲ ਦੀ ਪਾਬੰਦੀ ਕਾਰਨ ਫਿਲਹਾਲ ਬਾਹਰ ਹਨ।
47 ਸਾਲਾ ਲੈਂਗਰ ਨੇ ਇੱਥੇ ਨਿਯੁਕਤੀ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ''ਮੇਰੇ ਲਈ ਫਿਲਹਾਲ ਸਭ ਤੋਂ ਅਹਿਮ ਹੈ ਕਿ ਟੀਮ ਦੀ ਇੱਜ਼ਤ ਮੁੜ ਹਾਸਲ ਕੀਤੀ ਜਾਵੇ। ਇੱਜ਼ਤ ਦੀ ਕੀਮਤ ਦੁਨੀਆ ਵਿਚ ਸੋਨੇ ਤੋਂ ਵੀ ਵੱਡੀ ਹੁੰਦੀ ਹੈ। ਇਹ ਸਿਰਫ ਇਸ ਨਾਲ ਜੁੜਿਆ ਮਾਮਲਾ ਨਹੀਂ ਕਿ ਤੁਸੀਂ ਕਿਵੇਂ ਕ੍ਰਿਕਟ ਖੇਡਦੇ ਹੋ, ਸਗੋਂ ਤੁਸੀਂ ਕਿੰਨੇ ਚੰਗੇ ਨਾਗਰਕਿ ਤੇ ਆਸਟਰੇਲੀਅਨ ਹੋ, ਇਸ ਨਾਲ ਵੀ ਸਬੰਧਤ ਹੈ।''