ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ : ਪ੍ਰਭਜੋਤ ਕੌਰ

05/26/2018 12:47:03 PM

ਅੰਮ੍ਰਿਤਸਰ, (ਛੀਨਾ)—ਪ੍ਰਭਜੋਤ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਮਹਿਤਾ ਚੌਕ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਘਰੇਲੂ ਵੰਡ ਨੂੰ ਲੈ ਕੇ ਮੇਰੇ ਦਿਉਰ ਗੁਰਪ੍ਰੀਤ ਸਿੰਘ ਨਾਲ ਸਾਡਾ ਝਗੜਾ ਚੱਲ ਰਿਹਾ ਹੈ ਜਿਸ ਦੀ ਆੜ 'ਚ 15 ਮਈ ਨੂੰ ਗੁਰਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ, ਰਾਜਬੀਰ ਸਿੰਘ, ਅੰਗਰੇਜ਼ ਸਿੰਘ ਤੇ ਲਖਬੀਰ ਸਿੰਘ ਤਿੰਨੇ ਪੁੱਤਰ ਦਲਬੀਰ ਸਿੰਘ ਵਾਸੀ ਮਹਿਤਾ ਚੌਕ ਸਾਡੀ ਗੈਰ-ਮੌਜੂਦਗੀ 'ਚ ਸਾਡੇ ਖੇਤੀਬਾੜੀ ਵਾਲੇ ਸੰਦ ਲੈ ਕੇ ਜਾ ਰਹੇ ਸਨ। ਇਸ ਦੇ ਬਾਰੇ 'ਚ ਜਦੋਂ ਸਾਨੂੰ ਪਤਾ ਲੱਗਾ ਤਾਂ ਮੈਂ ਅਤੇ ਮੇਰਾ ਪਤੀ ਕੁਲਦੀਪ ਸਿੰਘ ਤੁਰੰਤ ਘਰ ਪੁੱਜੇ ਤੇ ਸਾਨੂੰ ਵੇਖਦਿਆਂ ਹੀ ਉਕਤ ਵਿਅਕਤੀਆਂ ਨੇ ਸਾਡੇ 'ਤੇ ਧਾਵਾ ਬੋਲ ਕੇ ਸਾਡੇ ਨਾਲ ਭਾਰੀ ਕੁੱਟਮਾਰ ਕੀਤੀ ਅਤੇ ਮੇਰੇ ਕੱਪੜੇ ਵੀ ਪਾੜ ਦਿੱਤੇ। ਪ੍ਰਭਜੋਤ ਕੌਰ ਨੇ ਕਿਹਾ ਕਿ ਇਸ ਸਬੰਧੀ ਪੁਲਸ ਥਾਣਾ ਮਹਿਤਾ ਵਿਖੇ ਸ਼ਿਕਾਇਤ ਕੀਤੀ ਗਈ ਜਿਥੇ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ 20 ਮਈ ਨੂੰ ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ। 
ਪ੍ਰਭਜੋਤ ਨੇ ਦੋਸ਼ ਕਿਹਾ ਕਿ ਉਕਤ ਵਿਅਕਤੀਆਂ 'ਤੇ ਪੁਲਸ ਕੇਸ ਦਰਜ ਹੋਏ, ਨੂੰ 5 ਦਿਨ ਬੀਤ ਚੁੱਕੇ ਹਨ ਪਰ ਥਾਣਾ ਮਹਿਤਾ ਦੀ ਪੁਲਸ ਵੱਲੋਂ ਅਜੇ ਤੱਕ 1 ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਦਕਿ ਆਜ਼ਾਦ ਘੁੰਮ ਰਹੇ ਉਕਤ ਵਿਅਕਤੀ ਸਾਡੇ 'ਤੇ ਲਗਾਤਾਰ ਫੈਸਲਾ ਕਰਨ ਦਾ ਦਬਾਅ ਬਣਾਉਦੇ ਹੋਏ ਸਾਨੂੰ ਜਾਨੀ-ਮਾਲੀ ਨੁਕਸਾਨ ਪਹੁੰਚਾਉਣ ਅਤੇ ਸਾਡੇ 'ਤੇ ਝੂਠਾ ਪੁਲਸ ਕੇਸ ਬਣਾਉਣ ਦੀਆਂ ਧਮਕੀਆਂ ਦੇ ਰਹੇ ਹਨ। ਉਸ ਨੇ ਕਿਹਾ ਕਿ ਇਸ ਸਬੰਧੀ ਪੁਲਸ ਜ਼ਿਲਾ ਦਿਹਾਤੀ ਦੇ ਐੱਸ. ਐੱਸ. ਪੀ. ਨੂੰ ਮਿਲ ਕੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਗਿਆ ਹੈ। ਇਸ ਮੌਕੇ ਪ੍ਰਭਜੋਤ ਕੌਰ ਤੇ ਕੁਲਦੀਪ ਸਿੰਘ ਨੇ ਪੁਲਸ ਦੇ ਉਚ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਉਦਿਆਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।
ਇਸ ਸਬੰਧ 'ਚ ਪੁਲਸ ਥਾਣਾ ਮਹਿਤਾ ਦੇ ਐੱਸ. ਐੱਸ. ਓ. ਅਮਨਦੀਪ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਇਸ ਦੇ ਨਾਲ ਹੀ ਪ੍ਰਭਜੋਤ ਕੌਰ ਤੇ ਉਸ ਦੇ ਪਤੀ ਕੁਲਦੀਪ ਸਿੰਘ ਦੇ ਖਿਲਾਫ ਵੀ ਐੱਮ. ਐੱਲ. ਆਰ. ਆਈ. ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧ 'ਚ ਜਦੋਂ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣੇ ਭਰਾ-ਭਰਜਾਈ ਨੂੰ ਧਮਕੀਆ ਦੇਣ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਸਾਡੇ 'ਤੇ ਨਾਜਾਇਜ਼ ਪੁਲਸ ਕੇਸ ਦਰਜ ਹੋਇਆ ਹੈ।