ਪਨਾਮਾ ਪੇਪਰ ਮਾਮਲਾ : ਬੇਟੀ ਨੂੰ ਅਦਾਲਤ ''ਚ ਖਿੱਚਣ ਵਾਲੇ ਵਿਰੋਧੀਆਂ ਨੂੰ ਸ਼ਰੀਫ ਨੇ ਦਿੱਤੀ ਚਿਤਾਵਨੀ

05/25/2018 2:45:20 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਨੇ ਸ਼ੁੱਕਰਵਾਰ ਨੂੰ ਆਪਣੇ ਵਿਰੋਧੀਆਂ ਨੂੰ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਪਨਾਮਾ ਪੇਪਰ ਮਾਮਲੇ ਵਿਚ ਦੇਸ਼ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਵਿਚ ਉਨ੍ਹਾਂ ਦੀ ਬੇਟੀ ਮਰੀਅਮ ਨੂੰ ਖਿੱਚਣ ਵਾਲੇ ਲੋਕਾਂ ਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪੈਣਗੇ। ਲੰਡਨ ਵਿਚ ਸੰਪੱਤੀਆਂ ਨੂੰ ਲੈ ਕੇ ਬੀਤੇ ਸਾਲ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਤਿੰਨ ਮਾਮਲੇ ਸ਼ੁਰੂ ਕੀਤੇ ਗਏ ਸਨ। ਰਾਸ਼ਟਰੀ ਜਵਾਬਦੇਹੀ ਬਿਊਰੋ ਵੱਲੋਂ ਦਾਇਰ ਐਵਿਨਫੀਲਡ ਮਾਮਲੇ ਵਿਚ ਸ਼ਰੀਫ ਦੀ ਬੇਟੀ ਮਰੀਅਮ, ਦੋਵੇਂ ਬੇਟੇ ਹੁਸੈਨ ਅਤੇ ਹਸਨ ਤੇ ਜਵਾਈ ਮੁਹੰਮਦ ਸਫਦਰ ਸਹਿ ਦੋਸ਼ੀ ਹਨ। 
ਜਵਾਬਦੇਹੀ ਅਦਾਲਤ ਦੇ ਬਾਹਰ ਮੀਡੀਆ ਨੂੰ ਸੰਬੋਧਿਤ ਕਰਦਿਆਂ ਸ਼ਰੀਫ ਨੇ ਦਾਅਵਾ ਕੀਤਾ ਕਿ ਮਰੀਅਮ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਪਰ ਉਸ ਨੂੰ ਅਦਾਲਤ ਦੇ ਮਾਮਲਿਆਂ ਵਿਚ ਘਸੀਟਿਆ ਗਿਆ। ਸ਼ਰੀਫ ਨੇ ਕਿਹਾ ਕਿ ਆਪਣੀ ਬੇਟੀ ਨੂੰ ਦੋਸ਼ੀ ਦੇ ਰੂਪ ਵਿਚ ਕਟਹਿਰੇ ਵਿਚ ਖੜ੍ਹਾ ਦੇਖਣਾ ਉਨ੍ਹਾਂ ਲਈ ਦਰਦਨਾਕ ਹੈ। ਇਕ ਨਿਊਜ਼ ਏਜੰਸੀ ਨੇ ਸ਼ਰੀਫ ਦੇ ਹਵਾਲੇ ਨਾਲ ਕਿਹਾ ਕਿ ਮਰੀਅਮ ਦਾ ਉਸ ਸਮੇਂ ਨਾਲ ਕੋਈ ਸੰਬੰਧ ਨਹੀਂ ਹੈ, ਜਿਸ ਲਈ ਸਾਨੂੰ ਦੰਡਿਤ ਕੀਤਾ ਜਾ ਰਿਹਾ ਹੈ। ਉਹ ਉਸ ਕੋਲੋਂ ਗਲਫ ਸਟੀਲ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਉਸ ਸਮੇਂ ਸਿਰਫ ਇਕ ਸਾਲ ਦੀ ਸੀ। ਇਸ ਤੋਂ ਪਹਿਲਾਂ ਮਰੀਅਮ (44) ਨੇ ਐਵਿਨਫੀਲਡ ਮਾਮਲੇ ਵਿਚ ਆਪਣਾ ਬਿਆਨ ਦਰਜ ਕਰਵਾਇਆ। 
ਜਵਾਬਦੇਹੀ ਅਦਾਲਤ ਨੇ ਇਸ ਮਾਮਲੇ ਵਿਚ ਸ਼ਰੀਫ, ਮਰੀਅਮ ਅਤੇ ਉਸ ਦੇ ਪਤੀ ਤੋਂ ਪੁੱਛਗਿੱਛ ਲਈ ਇਕ ਪ੍ਰਸ਼ਨਾਵਲੀ ਤਿਆਰ ਕਰਵਾਈ ਸੀ। ਗੌਰਤਲਬ ਹੈ ਕਿ ਪਨਾਮਾ ਪੇਪਰਸ ਮਾਮਲੇ ਵਿਚ 28 ਜੁਲਾਈ, 2017 ਨੂੰ ਸੁਪਰੀਮ ਕੋਰਟ ਨੇ ਸ਼ਰੀਫ ਨੂੰ ਪੀ.ਐੱਮ. ਦੇ ਰੂਪ ਵਿਚ ਅਯੋਗ ਕਰਾਰ ਦਿੱਤਾ ਸੀ। ਫਰਵਰੀ ਵਿਚ ਸੁਪਰੀਮ ਕੋਰਟ ਨੇ ਸ਼ਰੀਫ ਨੂੰ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਮੁਖੀ ਦੇ ਰੂਪ ਵਿਚ ਵੀ ਅਯੋਗ ਕਰਾਰ ਦਿੱਤਾ ਸੀ।