ਹਾਈਕੋਰਟ ਦੇ ਜੱਜ ਸਾਹਿਬ ਦੇ ਆਉਣ ਮੌਕੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ

05/20/2018 6:33:48 PM

ਭੁਲੱਥ (ਰਜਿੰਦਰ)— ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜੱਜ ਮਾਣਯੋਗ ਜਸਟਿਸ ਕੁਲਦੀਪ ਸਿੰਘ ਦੇ ਭੁਲੱਥ ਦੌਰੇ ਦੌਰਾਨ ਭੁਲੱਥ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਸ਼ਨੀਵਾਰ ਉਸ ਸਮੇਂ ਖੁੱਲ੍ਹੀ ਜਦੋਂ ਸਰਕਾਰੀ ਅਮਲੇ ਵੱਲੋਂ ਕਸਬਾ ਭੁਲੱਥ ਦੇ ਸਬ ਡਿਵੀਜ਼ਨ ਕੰਪਲੈਕਸ ਦੀ ਪੁਰਾਣੀ ਇਮਾਰਤ 'ਚ ਇਕ ਪਟਵਾਰੀ ਦੇ ਦਫਤਰ ਦਾ ਤਾਲਾ ਤੋੜ ਕੇ ਦਰਵਾਜ਼ਾ ਖੋਲ੍ਹਿਆ ਗਿਆ। ਦੱਸਣਯੋਗ ਹੈ ਕਿ ਹਾਈਕੋਰਟ ਦੇ ਜੱਜ ਮਾਣਯੋਗ ਜਸਟਿਸ ਕੁਲਦੀਪ ਸਿੰਘ ਇਸ ਇਮਾਰਤ ਦਾ ਜਾਇਜ਼ਾ ਲੈਣ ਆਏ ਸਨ, ਜਿਸ ਦੌਰਾਨ ਇਮਾਰਤ ਦੇ ਪਿਛਲੇ ਪਾਸੇ ਪੈਂਦੇ ਕੁਝ ਦਫਤਰਾਂ ਦੇ ਦਰਵਾਜ਼ਿਆਂ ਨੂੰ ਤਾਲੇ ਲੱਗੇ ਹੋਏ ਸਨ, ਜਿਨ੍ਹਾਂ 'ਚੋਂ ਇਕ ਪਟਵਾਰੀ ਦੇ ਦਫਤਰ ਦਾ ਤਾਲਾ ਤੋੜ ਕੇ ਦਰਵਾਜ਼ਾ ਖੋਲ੍ਹਿਆ ਗਿਆ, ਕਿਉਂਕਿ ਇਸ ਦਫਤਰ ਰਾਹੀਂ ਕੰਪਲੈਕਸ ਦੇ ਪਿਛਲੇ ਪਾਸਿਓਂ ਦੀ ਪ੍ਰਮੁੱਖ ਇਮਾਰਤ ਦੇ ਅੰਦਰ ਜਾਣ ਦਾ ਰਸਤਾ ਵੀ ਬਣਿਆ ਹੋਇਆ ਹੈ। 
ਜ਼ਿਕਰਯੋਗ ਹੈ ਕਿ ਤਾਲਾ ਤੋੜ ਕੇ ਖੋਲ੍ਹੇ ਗਏ ਦਫਤਰ 'ਚ ਸਬੰਧਤ ਪਟਵਾਰੀ ਦਾ ਸਾਰਾ ਰਿਕਾਰਡ ਮੌਜੂਦ ਸੀ। ਇਸ ਸਬੰਧੀ ਜਸਟਿਸ ਕੁਲਦੀਪ ਸਿੰਘ ਦੇ ਜਾਣ ਤੋਂ ਬਾਅਦ ਐੱਸ. ਡੀ. ਐੱਮ. ਭੁਲੱਥ ਮੇਜਰ ਡਾ. ਸੁਮਿਤ ਮੁੱਧ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਵਾਪਸ ਜਾ ਚੁੱਕੇ ਸਨ ਅਤੇ ਮੋਬਾਇਲ ਰਾਹੀਂ ਸੰਪਰਕ ਕਰਨ 'ਤੇ ਤਹਿਸੀਲਦਾਰ ਭੁਲੱਥ ਮਨਜੀਤ ਸਿੰਘ ਰਾਜਲਾ ਨੇ ਦਸਿਆ ਕਿ ਜਿਹੜੇ ਦਫਤਰ ਦਾ ਤਾਲਾ ਤੋੜਿਆ ਗਿਆ ਹੈ, ਉਸ ਪਾਸੇ ਜਾਇਜ਼ਾ ਲੈਣ ਦੀ ਪਹਿਲਾਂ ਕੋਈ ਯੋਜਨਾ ਨਹੀਂ ਸੀ, ਜਿਸ ਕਰਕੇ ਪਟਵਾਰੀਆਂ ਦੇ ਦਫਤਰ ਨਹੀਂ ਖੁੱਲ੍ਹਵਾਏ ਗਏ ਸਨ।