ਐੱਸ.ਡੀ.ਐੱਮ. ਟਿਵਾਣਾ ਨੇ ਲਿਆ ਰਜਵਾਹਿਆਂ ਦਾ ਜਾਇਜਾ

05/26/2018 7:22:32 AM

ਭਵਾਨੀਗੜ੍ਹ (ਵਿਕਾਸ) — ਜ਼ਿਲਾ ਪ੍ਰਸ਼ਾਸਨ ਵੱਲੋਂ ਰਜਵਾਹਿਆਂ ਅਤੇ ਜਲ ਸਪਲਾਈ ਵਿਵਸਥਾਵਾਂ 'ਤੇ ਨੇੜਿਓ ਨਜ਼ਰ ਰੱਖਣ ਦੀ ਜਾਰੀ ਕੀਤੀ ਹਦਾਇਤਾਂ 'ਤੇ ਅਮਲ ਕਰਦਿਆਂ ਐੱਸ.ਡੀ.ਐੱਮ. ਅਮਰਿੰਦਰ ਟਿਵਾਣਾ ਨੇ ਇਲਾਕਾ ਭਵਾਨੀਗੜ੍ਹ ਦੇ ਪਿੰਡ ਬਾਲਦ ਕੋਠੀ ਨੇੜੇ ਲੰਘਦੇ ਸੁੱਕੇ ਪਏ ਰਜਵਾਹੇ (ਸੂਏ) ਦਾ ਜਾਇਜ਼ਾ ਲਿਆ, ਜਿਸ ਦੌਰਾਨ ਐੱਸ.ਡੀ.ਐੱਮ. ਨੇ ਪਾਇਆ ਕਿ ਨਾਭਾ ਰੋਡ ਵੱਲ ਕੁੱਝ ਰਿਹਾਇਸ਼ੀ ਮਕਾਨਾਂ ਸਮੇਤ ਇਥੇ ਸਥਿਤ ਸੱਚਦੇਵਾ ਮਿਲਕ ਪ੍ਰੋਡਕਟ ਨਾਂ ਦੀ ਫੈਕਟਰੀ ਦਾ ਦੂਸ਼ਿਤ ਪਾਣੀ ਪਿੱਛਲੇ ਪਾਸਿਓ ਰਜਵਾਹੇ 'ਚ ਛੱਡਿਆ ਜਾ ਰਿਹਾ ਸੀ, ਜਿਸ ਸੰਬੰਧੀ ਰਿਹਾਇਸ਼ੀ ਘਰਾਂ ਅਤੇ ਫੈਕਟਰੀ ਮਾਲਕਾਂ ਨੂੰ ਸਖਤ ਹਦਾਇਤਾਂ ਦੇ ਕੇ ਇਸ ਦੂਸ਼ਿਤ ਪਾਣੀ ਨੂੰ ਰਜਵਾਹੇ 'ਚ ਪੈਣ ਤੋਂ ਰੋਕਣ ਲਈ ਕਿਹਾ ਗਿਆ । ਇਸੇ ਦੌਰਾਨ ਐੱਸ.ਡੀ.ਐੱਮ. ਟਿਵਾਣਾ ਨੇ ਦੱਸਿਆ ਕਿ ਉਕਤ ਫੈਕਟਰੀ 'ਚ ਰੱਖੇ ਭਾਰੀ ਮਾਤਰਾ 'ਚ ਦੁੱਧ ਦਾ ਵੀ ਸੈਂਪਲ ਭਰਿਆ ਗਿਆ, ਜਿਸ ਤੋਂ ਬਾਅਦ ਸਬੰਧਿਤ ਵਿਭਾਗ ਨੂੰ ਦੁੱਧ ਦੇ ਸੈਂਪਲ ਸੌਂਪ ਕੇ ਜਾਂਚ ਲਈ ਲੈਬੋਰਟਰੀ ਭੇਜੇ ਗਏ । ਟਿਵਾਣਾ ਨੇ ਸਾਫ ਕੀਤਾ ਕਿ ਸੈਂਪਲ ਦੀ ਰਿਪੋਰਟ ਆਉਂਣ ਤੋਂ ਬਾਅਦ ਜੇਕਰ ਸਿਹਤ ਨਾਲ ਖਿਲਵਾੜ ਕਰਨ ਵਾਲੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਸਬੰਧਿਤ ਫੈਕਟਰੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।