ਰੰਜਿਸ਼ ਕਾਰਨ 2 ਗੁੱਟਾਂ ''ਚ ਖੂਨੀ ਝੜਪ

05/18/2018 12:26:50 AM

ਦੀਨਾਨਗਰ, ਗੁਰਦਾਸਪੁਰ, (ਕਪੂਰ, ਵਿਨੋਦ, ਦੀਪਕ)- ਬੀਤੀ ਅੱਧੀ ਰਾਤ ਵੇਲੇ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਸਿੰਘੋਵਾਲ ਵਿਖੇ ਉਸ ਵੇਲੇ ਚੀਕ-ਚਿਹਾੜਾ ਮਚ ਗਿਆ, ਜਦੋਂ ਪਹਿਲਾਂ ਤੋਂ ਇਕ ਗੁੱਟ ਦੇ ਜ਼ਖਮੀ ਹੋਏ ਵਿਅਕਤੀਆਂ 'ਤੇ ਦੂਜੇ ਗੁੱਟ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰਨ ਤੋਂ ਇਲਾਵਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਸਾਮਾਨ ਦੀ ਭੰਨ-ਤੋੜ ਕੀਤੀ।
ਹਸਪਤਾਲ ਵਿਚ ਡਿਊਟੀ 'ਤੇ ਤਾਇਨਾਤ ਡਾਕਟਰ ਜੋਤਪਾਲ ਨੇ ਦੱਸਿਆ ਕਿ ਰਾਤ 10 ਵਜੇ ਪਿਆਰਾ ਸਿੰਘ ਵਾਸੀ ਮਟਮ ਜ਼ਖਮੀ ਹਾਲਤ ਵਿਚ ਆਇਆ, ਜਿਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਐੱਮ. ਐੱਲ. ਆਰ. ਕੱਟਣ ਤੋਂ ਬਾਅਦ ਵਾਪਸ ਭੇਜ ਦਿੱਤਾ ਸੀ ਤਾਂ 11.25 ਵਜੇ ਜਸਵੰਤ ਸਿੰਘ ਪੁੱਤਰ ਬਚਨ ਸਿੰਘ ਅਤੇ ਜਗਤਾਰ ਸਿੰਘ 2 ਜ਼ਖਮੀ ਵਿਅਕਤੀ ਲੈ ਕੇ ਆਏ, ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਐੱਮ. ਐੱਲ. ਆਰ. ਅਜੇ ਕੱਟੀ ਹੀ ਸੀ ਕਿ ਅਚਾਨਕ ਹਸਪਤਾਲ ਵਿਚ ਕੁਝ ਹਥਿਆਰਾਂ ਸਮੇਤ ਆਏ ਲੋਕਾਂ ਦਾ ਰੌਲਾ ਸੁਣ ਕੇ ਹਸਪਤਾਲ ਵਿਚ ਉਸ ਸਮੇਂ ਰਾਤ ਦੀ ਡਿਊਟੀ ਦੇ ਰਹੇ ਕਰਮਚਾਰੀਆਂ ਨੇ ਐਮਰਜੈਂਸੀ ਵਾਰਡ ਵਿਚ ਆ ਕੇ ਅੰਦਰੋਂ ਕੁੰਡੀ ਲਾ ਲਈ। ਐਮਰਜੈਂਸੀ ਵਾਰਡ ਦੇ ਡਰੈਸਿੰਗ ਰੂਮ ਵਿਚ ਦੋਵੇਂ ਜ਼ਖਮੀ ਅਤੇ ਉਨ੍ਹਾਂ ਨਾਲ ਆਏ ਵਿਅਕਤੀਆਂ ਨੇ ਵੀ ਅੰਦਰੋਂ ਕੁੰਡੀ ਲਾ ਲਈ। ਉਕਤ ਵਿਅਕਤੀ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ, ਐਮਰਜੈਂਸੀ ਵਾਰਡ ਦੇ ਮੁੱਖ ਦਰਵਾਜ਼ੇ ਦਾ ਗੇਟ ਤੋੜਨ ਤੋਂ ਬਾਅਦ ਉਸ ਕਮਰੇ ਦੇ ਦਰਵਾਜ਼ੇ ਨੂੰ, ਜਿਸ ਵਿਚ ਜ਼ਖਮੀ ਸਨ, ਤੋੜਨ ਲੱਗੇ ਅਤੇ ਦਰਵਾਜ਼ਾ ਨਾ ਟੁੱਟਣ 'ਤੇ ਰੌਸ਼ਨਦਾਨ ਦਾ ਸ਼ੀਸ਼ਾ ਤੋੜ ਕੇ ਉਨ੍ਹਾਂ ਦਰਵਾਜ਼ੇ ਦੀ ਕੁੰਡੀ ਖੋਲ੍ਹੀ ਅਤੇ ਅੰਦਰ ਦਾਖਲ ਹੋ ਗਏ। 
ਉਨ੍ਹਾਂ ਜ਼ਖਮੀਆਂ ਜਸਵੰਤ ਸਿੰਘ, ਜਗਤਾਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਹਰਜਵੰਤ ਸਿੰਘ 'ਤੇ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ ਅਤੇ ਐਮਰਜੈਂਸੀ ਵਾਰਡ ਦੇ ਉਸ ਕਮਰੇ ਵਿਚ ਕਾਫੀ ਭੰਨ-ਤੋੜ ਕਰ ਕੇ ਸਾਮਾਨ ਨੂੰ ਵੀ ਨੁਕਸਾਨ ਪਹੁੰਚਾਇਆ। ਡਾ. ਜੋਤਪਾਲ ਨੇ ਦੱਸਿਆ ਕਿ ਉਨ੍ਹਾਂ ਹਮਲਾਵਰਾਂ ਦੇ ਚਲੇ ਜਾਣ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ। ਪਹਿਲੇ ਹਮਲੇ ਦੌਰਾਨ 100 ਨੰਬਰ 'ਤੇ ਕਾਲ ਕਰਦੇ ਰਹੇ ਪਰ ਉਹ ਨੰਬਰ ਮਿਲਿਆ ਹੀ ਨਹੀਂ।
ਮਟਮ ਦੇ ਸਰਪੰਚ ਦੀ ਦੂਸਰੇ ਗੁੱਟ ਨਾਲ ਸੀ ਰੰਜਿਸ਼ : ਥਾਣੀ ਮੁਖੀ
ਇਸ ਸਬੰਧੀ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਟਮ ਦੇ ਸਰਪੰਚ ਕੁਲਦੀਪ ਸਿੰਘ ਦੀ ਦੂਜੇ ਗੁੱਟ ਨਾਲ ਰੰਜਿਸ਼ ਸੀ ਅਤੇ ਦੂਜੇ ਗੁੱਟ ਨੇ ਬੀਤੇ ਸਮੇਂ ਵਿਚ ਪਿੰਡ ਦੀ ਪੰਚਾਇਤ ਨੂੰ ਮਿਲੀਆਂ ਗ੍ਰਾਂਟਾਂ ਦੇ ਖਰਚ ਸਬੰਧੀ ਆਰ. ਟੀ. ਆਈ. ਰਾਹੀਂ ਜਾਣਕਾਰੀ ਮੰਗੀ ਸੀ ਅਤੇ ਇਸੇ ਗੱਲ ਨੂੰ ਲੈ ਕੇ ਚੱਲ ਰਹੀ ਪੁਰਾਣੀ ਰੰਜਿਸ਼ ਕਾਰਨ ਸਰਪੰਚ ਦੇ ਗੁੱਟ ਦਾ ਦੂਜੇ ਗੁੱਟ ਨਾਲ ਕੱਲ ਸ਼ਾਮ ਵੇਲੇ ਝਗੜਾ ਹੋਇਆ ਸੀ, ਜਿਸ ਵਿਚ ਸਰਪੰਚ ਦੇ ਪਿਤਾ ਪਿਆਰਾ ਸਿੰਘ ਅਤੇ ਦੂਜੇ ਗੁੱਟ ਦੇ 2 ਲੋਕਾਂ ਨੂੰ ਸੱਟਾਂ ਲੱਗੀਆਂ ਸਨ।
ਹਸਪਤਾਲ ਸਟਾਫ ਨੇ ਡੀ. ਸੀ. ਤੋਂ ਸੁਰੱਖਿਆ ਦੀ ਕੀਤੀ ਮੰਗ
ਹਸਪਤਾਲ ਵਿਚ ਰਾਤ ਵੇਲੇ ਸਟਾਫ ਨੇ ਸਿਵਲ ਸਰਜਨ ਅਤੇ ਡੀ. ਸੀ. ਗੁਰਦਾਸਪੁਰ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਰਾਤ 12 ਵਜੇ ਹਸਪਤਾਲ ਵਿਚ ਜਦੋਂ ਕੁੱਟ-ਮਾਰ ਅਤੇ ਰੌਲਾ ਪੈ ਰਿਹਾ ਸੀ ਤਾਂ ਹਸਪਤਾਲ ਵਿਚ ਇੰਨੀ ਦਹਿਸ਼ਤ ਬਣ ਗਈ ਕਿ ਜ਼ੇਰੇ ਇਲਾਜ ਅਤੇ ਉਨ੍ਹਾਂ ਦੇ ਸਕੇ-ਸਬੰਧੀ ਉਥੇ ਲੁਕ ਗਏ। ਇਸ ਹਮਲੇ ਤੋਂ ਬਾਅਦ ਐਮਰਜੈਂਸੀ ਵਾਰਡ ਦਾ ਡਰੈਸਿੰਗ ਰੂਮ, ਉਸਦੇ ਬਾਹਰ ਲਗਭਗ 20 ਫੁੱਟ ਵਰਾਂਡਾ ਖੂਨ ਨਾਲ ਲੱਥ-ਪੱਥ ਹੋ ਗਿਆ।