ਪੰਚਕੂਲਾ ਹਿੰਸਾ : ਅਦਿੱਤਿਆ ਇੰਸਾਂ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਨੂੰ ਮਿਲੇਗਾ 5 ਲੱਖ ਦਾ ਇਨਾਮ

05/26/2018 7:15:37 AM

ਬਠਿੰਡਾ (ਬਲਵਿੰਦਰ) - ਡੇਰਾ ਸੱਚਾ ਸਿਰਸਾ ਨਾਲ ਸਬੰਧਤ ਪੰਚਕੂਲਾ ਹਿੰਸਾ ਮਾਮਲੇ 'ਚ ਮੁੱਖ ਮੁਲਜ਼ਮ ਅਦਿੱਤਿਆ ਇੰਸਾਂ ਬਾਰੇ ਨਕਦ ਇਨਾਮ ਦੇ ਐਲਾਨ ਤੋਂ ਬਾਅਦ ਅੱਜ ਹਰਿਆਣਾ ਪੁਲਸ ਨੇ ਹਰਿਆਣਾ ਅਤੇ ਪੰਜਾਬ ਦੀਆਂ ਕਈ ਥਾਵਾਂ 'ਤੇ ਅਦਿੱਤਿਆ ਦੇ ਪੋਸਟਰ ਕੰਧਾਂ 'ਤੇ ਲਾ ਦਿੱਤੇ, ਜਿਸ 'ਤੇ 5 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਪੰਜਾਬ ਪੁਲਸ ਵੀ ਹੋਰ ਅਲਰਟ ਹੋ ਗਈ ਹੈ, ਕਿਉਂਕਿ ਇੰਸਾਂ ਦੇ ਬਠਿੰਡਾ 'ਚ ਲੁਕੇ ਹੋਣ ਦੀ ਸੂਚਨਾ ਵੀ ਮਿਲੀ ਸੀ। ਜਾਣਕਾਰੀ ਮੁਤਾਬਕ 25 ਅਗਸਤ 2017 ਨੂੰ ਸੀ. ਬੀ. ਆਈ. ਕੋਰਟ ਵੱਲੋਂ ਜਬਰ-ਜ਼ਨਾਹ ਦੇ ਦੋਸ਼ਾਂ ਤਹਿਤ ਡੇਰਾ ਮੁਖੀ ਗੁਰਮੀਤ ਸਿੰਘ ਨੂੰ ਸਜ਼ਾ ਸੁਣਾਈ ਸੀ ਜਿਸ ਤੋਂ ਬਾਅਦ ਪੰਚਕੂਲਾ ਵਿਚ ਭਾਰੀ ਹਿੰਸਾ ਹੋਈ ਸੀ ਜਿਸ ਕਾਰਨ ਅਦਿੱਤਿਆ ਇੰਸਾਂ ਸਣੇ ਹੋਰ ਕਈਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਅਦਿੱਤਿਆ ਇੰਸਾਂ ਡੇਰਾ ਮੁਖੀ ਗੁਰਮੀਤ ਸਿੰਘ ਦਾ ਰਾਈਟ ਹੈਂਡ ਮੰਨਿਆ ਜਾਂਦਾ ਹੈ, ਜਿਸ ਦੀ ਹਾਮੀ ਤੋਂ ਬਿਨਾਂ ਡੇਰਾ ਮੁਖੀ ਕੋਈ ਵੀ ਫੈਸਲਾ ਨਹੀਂ ਸੀ ਲੈਂਦਾ। ਕੁਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ ਪਰ ਮੁੱਖ ਮੁਲਜ਼ਮ ਅਦਿੱਤਿਆ ਇੰਸਾਂ ਤੇ 7 ਹੋਰ ਮੁਲਜ਼ਮ ਫਰਾਰ ਹਨ ਜਿਸ ਬਾਰੇ ਪੁਲਸ ਕੋਈ ਸੁਰਾਗ ਨਹੀਂ ਲਾ ਸਕੀ। ਹਰਿਆਣਾ ਪੁਲਸ ਨੇ ਅਦਿੱਤਿਆ ਇੰਸਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਾਲੇ ਨੂੰ 5 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤੀ ਹੈ, ਜਦਕਿ ਉਸ ਦੇ 7 ਸਾਥੀਆਂ 'ਤੇ ਵੀ 50-50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਸ ਸਬੰਧ ਵਿਚ ਅੱਜ ਬਠਿੰਡਾ ਸ਼ਹਿਰ ਵਿਚ ਜਗ੍ਹਾ-ਜਗ੍ਹਾ ਪੋਸਟਰ ਲਾਏ ਗਏ ਹਨ ਤੇ  5 ਲੱਖ ਰੁਪਏ ਇਨਾਮ ਦਾ ਐਲਾਨ ਕੀਤਾ ਗਿਆ ਹੈ। ਅਦਿੱਤਿਆ ਇੰਸਾਂ ਬਾਰੇ ਦੱਸਣ ਵਾਲੇ ਦਾ ਨਾਂ ਵੀ ਗੁਪਤ ਰੱਖਿਆ ਜਾਣਾ ਹੈ। ਉਸ ਬਾਰੇ ਦੱਸਣ ਲਈ ਹਰਿਆਣਾ ਪੁਲਸ ਦੇ ਅਧਿਕਾਰੀਆਂ ਦੇ ਨਾਂ 'ਤੇ ਫੋਨ ਨੰਬਰ ਵੀ ਪੋਸਟਰ 'ਤੇ ਲਿਖੇ ਗਏ ਹਨ। 
ਪੰਚਕੂਲਾ ਵਲੋਂ ਇਨਾਮੀ ਐਲਾਨ ਕੀਤੇ ਗਏ ਮੁਲਜ਼ਮਾਂ 'ਚ ਅਦਿੱਤਿਆ ਇੰਸਾਂ ਤੋਂ ਇਲਾਵਾ ਫੂਲ ਕੁਮਾਰ ਵਾਸੀ ਮਲੋਟ, ਅਮਰੀਕ ਸਿੰਘ ਵਾਸੀ ਬੰਗਾ ਮੂਨਕ, ਅਭਿਜੀਤ ਸ਼ੰਕਰ ਉਰਫ ਬਬਲੂ ਵਾਸੀ ਸਤਾਰਾ (ਮਹਾਰਾਸ਼ਟਰ) ਦੇ ਨਾਂ ਵੀ ਸ਼ਾਮਲ ਹਨ, ਜਿਨ੍ਹਾਂ 'ਤੇ ਇਕ ਲੱਖ ਰੁਪਏ ਦਾ ਇਨਾਮ ਹੈ, ਜਦੋਂ ਕਿ ਨਵੀਨ ਉਰਫ ਗੋਬੀ ਰਾਮ ਵਾਸੀ ਸਰਦੂਲ (ਰਾਜਸਥਾਨ), ਇਕਬਾਲ ਸਿੰਘ ਬਾਗੜ ਵਾਸੀ ਬੱਲੂਆਣਾ, ਜਸਵੀਰ ਸਿੰਘ ਵਾਸੀ ਬੰਗਾ ਮੂਨਕ ਅਤੇ ਗੁਲਾਬ ਸਿੰਘ ਵਾਸੀ ਸਿਰਸਾ 'ਤੇ 50-50 ਹਜ਼ਾਰ ਰੁਪਏ ਇਨਾਮ ਰੱਖਿਆ ਗਿਆ ਹੈ।