ਇਨੋਵਾ ਪਲਟੀ, ਮਾਸੂਮ ਸਮੇਤ 5 ਦੀ ਮੌਤ

05/26/2018 6:48:46 AM

ਬਟਾਲਾ (ਬੇਰੀ)  - ਬੀਤੀ ਰਾਤ ਇਕ ਇਨੋਵਾ ਗੱਡੀ ਦੇ ਸਾਂਬਾ ਨੇੜੇ ਸਥਿਤ ਪਿੰਡ ਘਗਵਾਲ ਕੋਲ ਪਲਟਣ ਨਾਲ ਮਾਸੂਮ ਬੱਚੇ ਸਮੇਤ 5 ਲੋਕਾਂ ਦੀ ਮੌਤ ਅਤੇ 8 ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਡਰਾਈਵਰ ਲਵਪ੍ਰੀਤ ਸਿੰਘ ਦੇ ਭਰਾ ਸੋਨੂੰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਾਲੇ ਆਪਣੇ ਰਿਸ਼ਤੇਦਾਰਾਂ ਸਮੇਤ ਜੰਮੂ ਤੋਂ ਇਨੋਵਾ ਗੱਡੀ 'ਚ ਸਵਾਰ ਹੋ ਕੇ ਵਾਪਸ ਪਰਤ ਰਹੇ ਸਨ। ਜਦੋਂ ਸਾਂਬਾ ਨੇੜੇ ਪਿੰਡ ਘਗਵਾਲ ਕੋਲ ਉਨ੍ਹਾਂ ਦੀ ਗੱਡੀ ਪਹੁੰਚੀ ਤਾਂ ਅਚਾਨਕ ਪਲਟ ਗਈ, ਜਿਸ ਦੌਰਾਨ ਗੱਡੀ 'ਚ ਸਵਾਰ 5 ਲੋਕਾਂ ਡਰਾਈਵਰ ਲਵਪ੍ਰੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ, ਜਸ਼ਨ (1) ਪੁੱਤਰ ਪਤਰਸ, ਪੂਨਮ ਪਤਨੀ ਪਤਰਸ, ਵੀਨਸ ਪਤਨੀ ਰਾਮ ਪਾਲ, ਗੀਤਾ ਦੇਵੀ ਪਤਨੀ ਕਸ਼ਮੀਰ ਸਿੰਘ ਵਾਸੀ ਪਿੰਡ ਅਹਿਮਦਾਬਾਦ ਦੀ ਮੌਤ ਹੋ ਗਈ, ਜਦਕਿ ਹੋਰ 8 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ  ਜੰਮੂ ਦੇ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ।  
ਸੋਨੂੰ ਨੇ ਦੱਸਿਆ ਕਿ ਜ਼ਖਮੀਆਂ 'ਚ ਪਤਰਸ, ਰਾਹੁਲ, ਰਾਜੂ, ਨੀਤੂ, ਰੂਪ ਸਿੰਘ ਅਤੇ ਮੋਨੂੰ ਵਾਸੀ ਪਿੰਡ ਅਹਿਮਦਾਬਾਦ ਵਜੋਂ ਹੋਈ ਹੈ, ਜਦਕਿ ਹੋਰ 2 ਦੇ ਨਾਂ ਨਹੀਂ ਪਤਾ ਚੱਲ ਸਕੇ। ਉਕਤ ਸਾਰੇ ਲੋਕ ਬਟਾਲਾ ਨੇੜੇ ਪਿੰਡ ਅਹਿਮਦਾਬਾਦ ਦੇ ਰਹਿਣ ਵਾਲੇ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ. ਡੀ. ਐੱਮ. ਬਟਾਲਾ ਰੋਹਿਤ ਗੁਪਤਾ ਆਪਣੇ ਅਧਿਕਾਰੀਆਂ ਸਮੇਤ ਪਿੰਡ ਅਹਿਮਦਾਬਾਦ ਪਹੁੰਚੇ, ਜਿਥੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਉਹ ਇਸ ਸਬੰਧ 'ਚ ਰਿਪੋਰਟ ਤਿਆਰ ਕਰ ਕੇ ਸਰਕਾਰ ਨੂੰ ਭੇਜਣਗੇ ਤਾਂ ਜੋ ਪਰਿਵਾਰ ਦੀ ਆਰਥਿਕ ਮਦਦ ਹੋ ਸਕੇ।