ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਨਕਦੀ ਚੋਰੀ

07/24/2017 6:53:36 AM

ਭੁਲੱਥ, (ਰਜਿੰਦਰ)- ਕਸਬਾ ਭੁਲੱਥ ਦੇ ਵਾਰਡ ਨੰਬਰ 5 ਵਿਖੇ ਗੁਰਦੁਆਰਾ ਏਕ ਓਂਕਾਰ ਸਾਹਿਬ 'ਚ ਚੋਰਾਂ ਵਲੋਂ ਗੋਲਕ ਤੋੜ ਕੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ । ਇਸ ਸੰਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਆੜ੍ਹਤੀ ਨੇ ਦੱਸਿਆ ਕਿ ਐਤਵਾਰ ਸ਼ਾਮ ਸਾਢੇ 4 ਵਜੇ ਬੀਬੀਆਂ ਗੁਰਦੁਆਰਾ ਸਾਹਿਬ 'ਚ ਸਫਾਈ ਦੀ ਸੇਵਾ ਕਰਨਗੀਆਂ ਤਾਂ ਉਨ੍ਹਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਟੁੱਟੀ ਪਈ ਸੀ ਤੇ ਉਸ ਵਿਚਲੀ ਨਕਦੀ ਕਰੀਬ 4 ਹਜ਼ਾਰ ਰੁਪਏ ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਸੀ. ਸੀ. ਟੀ. ਵੀ. ਕੈਮਰੇ ਚੈਕ ਕੀਤੇ ਗਏ ਤਾਂ ਪਤਾ ਲੱਗਾ ਕਿ ਇਹ ਘਟਨਾ ਸਵੇਰੇ ਕਰੀਬ 11 ਵਜੇ ਦੀ ਹੈ, ਕਿਉਂਕਿ ਚੋਰਾਂ ਦੀ ਫੁਟੇਜ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਉਨ੍ਹਾਂ ਹੋਰ ਦੱਸਿਆ ਕਿ ਬੀਤੇ ਦਿਨਾਂ ਤੋਂ ਗੁਰਦੁਆਰਾ ਸਾਹਿਬ ਦੇ ਆਸੇ-ਪਾਸੇ ਅਣਪਛਾਤੇ ਨੌਜਵਾਨ ਘੁੰਮ ਰਹੇ ਸਨ, ਜਿਸ ਸੰਬੰਧੀ ਪੁਲਸ ਨੇ ਰੇਡ ਵੀ ਕੀਤਾ ਸੀ। ਦੂਜੇ ਪਾਸੇ ਚੋਰੀ ਬਾਰੇ ਸੂਚਨਾ ਮਿਲਦਿਆਂ ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰਨਾਥ, ਏ. ਐੱਸ. ਆਈ. ਬਲਜਿੰਦਰ ਸਿੰਘ ਪੁਲਸ ਪਾਰਟੀ ਨਾਲ ਗੁਰਦੁਆਰਾ ਸਾਹਿਬ ਵਿਖੇ ਪੁੱਜੇ। ਜਿਥੇ ਉਨ੍ਹਾਂ ਚੋਰੀ ਦੀ ਘਟਨਾ ਦਾ ਮੌਕਾ ਦੇਖਿਆ। ਇਸ ਸੰਬੰਧੀ ਗੱਲਬਾਤ ਕਰਨ 'ਤੇ ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰਨਾਥ ਨੇ ਦਸਿਆ ਕਿ ਚੋਰ ਜਲਦ ਫੜ ਲਏ ਜਾਣਗੇ।