ਪੁਲਵਾਮਾ ’ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ

02/18/2019 4:36:18 AM

ਕਪੂਰਥਲਾ (ਜੋਸ਼ੀ)-ਪੁਲਵਾਮਾ ਹਮਲੇ ’ਚ ਸ਼ਹੀਦ ਹੋਏ 44 ਜਵਾਨਾਂ ਨੂੰ ਅੱਜ ਸਵੇਰੇ ਪਿੰਡ ਮਿਆਣੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਪਿੰਡ ਦੇ ਸਰਪੰਚ ਗੁਲਜਾਰ ਸਿੰਘ ਦੀ ਅਗਵਾਈ ’ਚ ਪੰਚਾਇਤ ਮੈਂਬਰ ਤੇ ਸਮੁੱਚੇ ਪਿੰਡ ਵਾਸੀਆਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।ਇਸ ਦੌਰਾਨ ਸਰਪੰਚ ਗੁਲਜਾਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਅੰਦਰੂਨੀ ਹਾਲਤ ਖੋਖਲੀ ਹੋ ਗਈ ਹੈ ਤੇ ਉਹ ਬੌਖਲਾਹਟ ’ਚ ਹੈ ਤੇ ਘਿਣੌਨੀਆਂ ਹਰਕਤਾਂ ਕਰ ਰਿਹਾ ਹੈ। ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਗੁਆਂਢੀ ਮੁਲਕ ਪਾਕਿਸਤਾਨ ਵਲੋਂ ਕੀਤੇ ਜਾ ਰਹੇ ਹਮਲਿਆਂ ਨੂੰ ਨੱਥ ਪਾਈ ਜਾਵੇ ਤੇ ਭਾਰਤੀ ਸੈਨਾ ਨੂੰ ਪੂਰੀ ਖੁੱਲ੍ਹ ਦਿੱਤੀ ਜਾਵੇ ਤਾਂ ਜੋ ਉਹ ਦੇਸ਼ ’ਤੇ ਹੋ ਰਹੇ ਹਮਲਿਆਂ ਦਾ ਜਵਾਬ ਡੱਟ ਕੇ ਦੇ ਸਕਣ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਯਾਦ ਕਰਦੇ ਹੋਏ 18 ਫਰਵਰੀ ਨੂੰ ਭਾਰਤ ਬੰਦ ’ਚ ਉਹ ਪੂਰਾ ਸਹਿਯੋਗ ਕਰਨਗੇ। ਪਿੰਡ ਦੇ ਸਾਰੇ ਲੋਕਾਂ ਨੇ ਸ਼ਹੀਦ ਪਰਿਵਾਰਾਂ ਨਾਲ ਹਮਦਰਦੀ ਪਰਗਟ ਕੀਤੀ ਹੈ ਤੇ ਕਿਹਾ ਹੈ ਕਿ ਉਹ ਦੇਸ਼ ਦੀਆਂ ਸਰਹੱਦਾਂ ’ਤੇ ਰੱਖਿਆ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੇ ਨਾਲ ਹਨ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਇਸ ਮੌਕੇ ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਮੈਂਬਰ ਪੰਚਾਇਤ, ਬਲਜੀਤ ਕੌਰ, ਰਾਜਵਿੰਦਰ ਕੌਰ, ਬਲਜੀਤ ਸਿੰਘ, ਹਰਦੀਪ ਕੁਮਾਰ, ਬੀਰਾ ਨੰਬਰਦਾਰ, ਨਿਰਮਲ ਸਿੰਘ, ਹਰਦੇਵ ਸਿੰਘ, ਲੰਭੂ ਰਾਮ, ਦਰਬਾਰਾ ਸਿੰਘ, ਗਿਆਨ ਸਿੰਘ, ਮੁਖਤਾਰ ਸਿੰਘ, ਬਲਜਿੰਦਰ ਸਿੰਘ, ਸਤਨਾਮ ਸਿੰਘ ਕਵੀਸ਼ਰ, ਰੇਸ਼ਮ ਸਿੰਘ ਆਦਿ ਹਾਜ਼ਰ ਸਨ।