ਪੁਰਾਣੀ ਪੈਨਸ਼ਨ ਸਕੀਮ ਬਹਾਲੀ ਸਬੰਧੀ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

02/12/2019 11:44:09 AM

ਕਪੂਰਥਲਾ (ਮੱਲ੍ਹੀ)-ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੀ ਮੰਗ ਕਰਦਿਆਂ ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਪੰਜਾਬ ਦੀ ਕਪੂਰਥਲਾ ਇਕਾਈ ਵੱਲੋਂ ਅੱਜ ਰੋਸ ਵਜੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਯੂਨੀਅਨ ਕਪੂਰਥਲਾ ਇਕਾਈ ਦੇ ਜ਼ਿਲਾ ਪ੍ਰਧਾਨ ਸੰਗਤ ਰਾਮ ਨੇ ਅਰਥੀ ਫੂਕ ਰੋਸ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਕਿਹਾ ਕਿ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਕਰਮਚਾਰੀ 58 ਸਾਲ ਦੀ ਉਮਰ ਤਕ ਸਰਕਾਰੀ ਸੇਵਾ ਕਰਨ ਵਾਲਾ ਮੁਲਾਜ਼ਮ ਬੁਢਾਪੇ ’ਚ ਪੈਨਸ਼ਨ ਦਾ ਹੱਕਦਾਰ ਨਹੀਂ ਹੈ, ਜਦਕਿ ਇਕ ਵਿਧਾਇਕ/ਐੱਮ. ਪੀ. ਜੋ ਇਕ ਦਿਨ ਲਈ ਵੀ ਵਿਧਾਇਕ/ਐੱਮ. ਪੀ. ਰਹਿ ਜਾਂਦਾ ਹੈ ਤਾਂ ਉਹ ਪੂਰੀ ਪੈਨਸ਼ਨ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਉਕਤ ਦੋਗਲੀ ਨੀਤੀ ਦਾ ਉਹ ਜ਼ੋਰਦਾਰ ਵਿਰੋਧ ਕਰਨਗੇ ਤੇ ਸਰਕਾਰੀ ਦੀ ਦੋਗਲੀ ਨੀਤੀ ਨੂੰ ਬੰਦ ਕਰਨ ਲਈ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ ਤੇ ਜੇ ਕੈਪਟਨ ਨੇ ਸਮਾਂ ਨਾ ਦਿੱਤਾ ਤਾਂ ਉਹ 21 ਫਰਵਰੀ ਨੂੰ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਘਰ ਦਾ ਘਿਰਾਓ ਕਰਨਗੇ। ਉਕਤ ਅਰਥੀ ਫੂਕ ਰੋਸ ਮੁਜ਼ਾਹਰੇ ਦੌਰਾਨ ਯੂਨੀਅਨ ਦੇ ਜ਼ਿਲਾ ਜਨਰਲ ਸਕੱਤਰ ਰਸ਼ਪਾਲ ਸਿੰਘ ਵਡ਼ੈਚ, ਚਰਨਜੀਤ ਸਿੰਘ ਚੀਮਾ, ਸਰਤਾਜ ਸਿੰਘ ਚੀਮਾ, ਅਮਰੀਕ ਸਿੰਘ, ਹਰਪ੍ਰੀਤ ਪਾਲ ਸਿੰਘ ਆਦਿ ਨੇ ਸਾਂਝੇ ਤੌਰ ’ਤੇ ਬੋਲਦਿਆਂ ਕਿਹਾ ਕਿ ਜੇ ਪੰਜਾਬ ਸਰਕਾਰ 1.52 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ’ਚ ਲੈ ਕੇ ਆਉਂਦੀ ਹੈ ਤਾਂ 3992 ਕਰੋਡ਼ ਰੁਪਏ ਸਰਕਾਰ ਦੇ ਖਾਤੇ ’ਚ ਆ ਜਾਵੇਗਾ ਜਿਸਨੂੰ ਸਰਕਾਰ ਆਪਣੇ ਵਿਕਾਸ ਕਾਰਜਾਂ ’ਤੇ ਖਰਚ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦ ਭਾਰਤੀ ਸੰਵਿਧਾਨ ’ਚ ਸਾਰਿਆਂ ਨੂੰ ਸਮਾਨਤਾ ਦਾ ਅਧਿਕਾਰ ਹੈ ਤਾਂ ਫਿਰ 1.1.2004 ਤੋਂ ਬਾਅਦ ਭਰਤੀ ਹੋਏ ਦਰਜਾ-1 ਤੋਂ ਲੈ ਕੇ ਦਰਜਾ-4 ਤਕ ਦੇ ਸਰਕਾਰੀ ਅਧਿਕਾਰੀ/ਕਰਮਚਾਰੀ ਪੈਨਸ਼ਨ ਦੇ ਹੱਕਦਾਰ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਵਿਧਾਇਕ/ਐੱਮ. ਪੀਜ਼ ਤੇ ਵਿਧਾਇਕਾਂ ਨੂੰ ਪੁਰਾਣੀ ਪੈਨਸ਼ਨ ਦੇ ਨਾਲ-ਨਾਲ ਹੋਰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜੋ ਟੈਕਸ ਫਰੀ ਹਨ, ਜਦਕਿ ਹਰ ਸਰਕਾਰੀ ਮੁਲਾਜ਼ਮ ਆਪਣੀ ਤਨਖਾਹ ’ਚੋਂ ਟੈਕਸ ਵੀ ਦਿੰਦਾ ਹੈ ਫਿਰ ਉਹ ਵੀ ਪੱਕੀ ਪੈਨਸ਼ਨ ਦਾ ਹੱਕਦਾਰ ਨਹੀਂ। ਉਕਤ ਅਰਥੀ ਫੂਕ ਰੋਸ ਮੁਜ਼ਾਹਰੇ ਦੌਰਾਨ ਦਵਿੰਦਰ ਸਿੰਘ, ਅਮਨਦੀਪ ਸਿੰਘ, ਮਨੀਸ਼ ਕੁਮਾਰ, ਸਤਨਾਮ ਸਿੰਘ ਭਿੰਡਰ, ਪ੍ਰੇਮ ਕੁਮਾਰ, ਜਸਵਿੰਦਰ ਸਿੰਘ ਉੱਗੀ, ਮੈਡਮ ਮਨਜਿੰਦਰ ਕੌਰ, ਮੈਡਮ ਪ੍ਰੇਮ ਲਤਾ, ਮੈਡਮ ਕਿਰਨਦੀਪ ਕੌਰ, ਮੈਡਮ ਅਮਰਜੀਤ ਕੌਰ, ਸਰਬਜੀਤ ਕੌਰ, ਬਬੀਤਾ ਕੁਮਾਰੀ, ਨੀਲਮ ਕੁਮਾਰੀ, ਅਰੁਣਦੀਪ ਕੌਰ, ਮਨਦੀਪ ਕੌਰ ਆਦਿ ਸੀ. ਪੀ. ਐੱਫ. ਕਰਮਚਾਰੀ ਯੂਨੀਅਨਾਂ ਦੇ ਵਰਕਰਾਂ ਨੇ ਕੈਪਟਨ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਉਹ ਆਪਣੇ ਪੈਨਸ਼ਨ ਦੇ ਹੱਕ ਲੈਣ ਲਈ ਹਰ ਤਰ੍ਹਾਂ ਦਾ ਸੰਘਰਸ਼ ਲਡ਼ਨ ਲਈ ਤਿਆਰ ਹਨ।