ਨਗਰ ਕੀਰਤਨ ਦੀਆਂ ਤਿਆਰੀਆਂ ਲਈ ਪਿੰਡਾਂ ’ਚ ਸਡ਼ਕਾਂ ਦੇ ਬਰਮ ਕੀਤੇ ਮਜ਼ਬੂਤ

01/11/2019 5:10:24 PM

ਕਪੂਰਥਲਾ (ਧੀਰ, ਸੋਢੀ, ਜੋਸ਼ੀ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਘੀ ਦੇ ਪੁਰਬ ਨੂੰ ਲੈ ਕੇ ਸਜਾਏ ਜਾ ਰਹੇ ਨਗਰ ਕੀਰਤਨ ਲਈ ਆਲੇ-ਦੁਆਲੇ ਦੇ ਪਿੰਡਾਂ ਦੀਆਂ ਸਡ਼ਕਾਂ ਦੇ ਬਰਮਾਂ ਨੂੰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮਜ਼ਬੂਤ ਕੀਤਾ ਜਾ ਰਿਹਾ ਹੈ। ਪਿਛਲੇ 2 ਦਿਨਾਂ ਤੋਂ ਲਗਾਤਾਰ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੀਆਂ ਸਡ਼ਕਾਂ ਦੇ ਆਲੇ ਦੁਆਲੇ ਮਿੱਟੀ ਪਾ ਕੇ ਉਨ੍ਹਾਂ ਨੂੰ ਚੌਡ਼ੇ ਕੀਤਾ ਜਾ ਰਿਹਾ ਹੈ। ਜਿਨ੍ਹਾਂ ਪਿੰਡਾਂ ਵਿਚੋਂ ਦੀ ਨਗਰ ਕੀਰਤਨ ਲੰਘਣਾ ਹੈ ਉਨ੍ਹਾਂ ਪਿੰਡਾਂ ਦੇ ਲੋਕ ਵੀ ਇਨ੍ਹਾਂ ਸਡ਼ਕਾਂ ਨੂੰ ਸਾਫ ਸੁਥਰਾ ਕਰਨ ਅਤੇ ਬਰਮਾਂ ’ਤੇ ਮਿੱਟੀ ਪਾ ਕੇ ਮਜ਼ਬੂਤ ਕਰਨ ਵਿਚ ਸਹਿਯੋਗ ਕਰਦੇ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਇਨ੍ਹਾਂ ਸਡ਼ਕਾਂ ਦੇ ਬਰਮਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਇਸ ਕੰਮ ਲਈ ਤਿੰਨ ਜੇ. ਸੀ. ਬੀ. ਮਸ਼ੀਨਾਂ ਅਤੇ ਦਰਜਨ ਤੋਂ ਵੱਧ ਟਰੈਕਟਰ ਅਤੇ ਹੋਰ ਸੇਵਾਦਾਰ ਲੱਗੇ ਹੋਏ ਹਨ ਤਾਂ ਜੋ ਨਗਰ ਕੀਰਤਨ ਸਮੇਂ ਨਾਲ ਚੱਲਣ ਵਾਲੀਆਂ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਇਹ ਨਗਰ ਕੀਰਤਨ 14 ਜਨਵਰੀ ਨੂੰ ਨਿਰਮਲ ਕੁਟੀਆ ਸੀਚੇਵਾਲ ਤੋਂ ਚੱਲੇਗਾ। ਇਹ ਨਗਰ ਕੀਰਤਨ ਪਿੰਡ ਚੱਕ ਚੇਲਾ, ਨਿਹਾਲੂਵਾਲ, ਮੁਰੀਦਵਾਲ, ਕਾਸੂਪੁਰ, ਰੂਪੇਵਾਲ, ਰੂਪੇਵਾਲ ਅੱਡਾ, ਮਹਿਮੂਵਾਲ ਯੂਸਫਪੁਰ, ਮਾਲੂਪੁਰ ਤੋਂ ਹੁੰਦਾ ਹੋਇਆ ਸੀਚੇਵਾਲ ਨਿਰਮਲ ਕੁਟੀਆ ਪਹੁੰਚੇਗਾ।