ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਹਵਾਲਾਤੀ ਪੁਲਸ ਦੀ ਕਸਟਡੀ 'ਚੋਂ ਹੋਇਆ ਫਰਾਰ

09/09/2022 6:41:47 PM

ਕਪੂਰਥਲਾ ( ਚੰਦਰ) : ਦੇਰ ਸ਼ਾਮ ਕਪੂਰਥਲਾ ਸਿਵਲ ਹਸਪਤਾਲ ਵਿਖੇ ਇਕ ਹਵਾਲਾਤੀ ਨੂੰ ਇਲਾਜ ਲਈ ਲਿਆਂਦਾ ਗਿਆ ਸੀ। ਜਿਥੇ ਹਵਾਲਾਤੀ ਦੇ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ ਦੀ ਸੂਚਨਾ ਮਿਲੀ ਹੈ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚੋਂ ਫਰਾਰ ਹੋਏ ਹਵਾਲਾਤੀ ਦੇ ਸਬੰਧ ਵਿੱਚ ਪੁਲਿਸ ਵੱਲੋਂ ਪੂਰੀ ਰਾਤ ਤਲਾਸ਼ੀ ਲੈਣ ਦੇ ਬਾਵਜੂਦ ਵੀ ਹੱਥ ਖਾਲੀ ਹਨ। ਪੁਲਸ ਥਾਣਾ ਸਿਟੀ ਕਪੂਰਥਲਾ ਦੇ ਐਸ.ਐਚ.ਓ ਕਿਰਪਾਲ ਸਿੰਘ ਨੇ ਵੀ ਹਵਾਲਾਤੀ ਦੀ ਭਾਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਕਤ ਹਵਾਲਾਤੀ ਨੂੰ ਜਲੰਧਰ ਦਿਹਾਤੀ ਪੁਲਸ ਨੇ ਚੋਰੀ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਹੈ | ਫਰਾਰ ਹਵਾਲਾਤੀ ਸੰਦੀਪ ਸਿੰਘ ਦੇ ਸੁਰੱਖਿਆ ਗਾਰਡ ਵੀ ਜਲੰਧਰ ਪੁਲਸ ਦੇ ਸਨ।

ਇਹ ਵੀ ਪੜ੍ਹੋ : ਨਕਲੀ ਕੀਟਨਾਸ਼ਕ, ਖਾਦਾਂ ਤੇ ਬੀਜ਼ ਵੇਚਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਪੰਜਾਬ ਸਰਕਾਰ ਲਿਆਵੇਗੀ ਇਹ ਕਾਨੂੰਨ

ਫਿਲਹਾਲ ਦੋਵਾਂ ਜ਼ਿਲ੍ਹਿਆਂ ਦੀ ਪੁਲਸ ਉਸ ਦੀ ਭਾਲ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 5 ਸਤੰਬਰ ਨੂੰ ਜਲੰਧਰ ਦੇ ਥਾਣਾ ਫਿਲੌਰ ਦੀ ਪੁਲਸ ਨੇ ਹਵਾਲਾਤੀ ਸੰਦੀਪ ਸਿੰਘ ਵਾਸੀ ਪਿੰਡ ਫਿਲੌਰ ਨੂੰ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਕੇਸ ਨੰਬਰ 252 ਦਰਜ ਕੀਤਾ ਸੀ। ਜਿਸ ਕਾਰਨ ਸੰਦੀਪ ਸਿੰਘ ਕਪੂਰਥਲਾ ਮਾਡਰਨ ਜੇਲ੍ਹ ਵਿੱਚ ਬੰਦ ਸੀ। ਉਕਤ ਹਵਾਲਾਤੀ ਨੂੰ ਬੀਮਾਰ ਹੋਣ ਕਾਰਨ ਬੁੱਧਵਾਰ ਦੇਰ ਸ਼ਾਮ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ। ਜਦੋਂ ਐਮਰਜੈਂਸੀ ਵਾਰਡ ਵਿੱਚ ਪਰਚੀ ਬਣਾਉਣ ਅਤੇ ਹੋਰ ਰਸਮੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ ਤਾਂ ਅਚਾਨਕ ਐਮਰਜੈਂਸੀ ਵਾਰਡ ਵਿੱਚੋਂ ਹਵਾਲਾਤੀ ਸੰਦੀਪ ਸਿੰਘ ਫਰਾਰ ਹੋ ਗਿਆ, ਜਿਸ ਦੀ ਸੂਚਨਾ ਮਿਲਦੇ ਹੀ ਤੁਰੰਤ ਪੀ.ਸੀ.ਆਰ ਟੀਮ ਅਤੇ ਹੋਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਹਰ ਪਾਸੇ ਲੱਭਣ ਲੱਗੇ।

ਫਰਾਰ ਹਵਾਲਾਤੀ ਸੰਦੀਪ ਸਿੰਘ ਦੀ ਭਾਲ ਜਾਰੀ ਹੈ। ਪੁਲਸ ਨੇ ਦਾਅਵਾ ਕੀਤਾ ਕਿ ਜਲਦੀ ਹੀ ਹਵਾਲਾਤੀ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਕਤ ਮਾਮਲੇ ਵਿੱਚ ਸੁਰੱਖਿਆ ਗਾਰਡਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਫਰਾਰ ਮੁਲਜ਼ਮ ਖਿਲਾਫ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਹਸਪਤਾਲ 'ਚ ਮੀਡੀਆ 'ਤੇ ਰੋਕ ਲਾਉਣ ਵਾਲੀ ਡਾਕਟਰ ਨੇ ਮੰਨੀ ਗਲਤੀ, ਦੱਸਿਆ ਬੋਰਡ ਲਾਉਣ ਦਾ ਕਾਰਣ

Anuradha

This news is Content Editor Anuradha