ਕੀ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਤੋਂ ਪਹਿਲਾਂ ਹੋ ਸਕੇਗਾ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ?

07/19/2019 2:08:14 PM

ਸੁਲਤਾਨਪੁਰ ਲੋਧੀ (ਅਸ਼ਵਨੀ)—ਬੇਸਹਾਰਾ ਪਸ਼ੂਆਂ ਦੀ ਸਮੱਸਿਆ ਵੱਲ ਜ਼ਿਲਾ ਕਪੂਰਥਲਾ ਪ੍ਰਸ਼ਾਸਨ ਦਾ ਉਕਾ ਹੀ ਧਿਆਨ ਨਹੀਂ ਹੈ। ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਨੂੰ ਲੈ ਕੇ ਤਿਆਰੀਆਂ ਆਰੰਭ ਕਰ ਚੁੱਕੀਆਂ ਜਥੇਬੰਦੀਆਂ ਅਤੇ ਸਥਾਨਕ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਚਰਚਾ ਚੱਲ ਰਹੀ ਹੈ, ਕੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਲੋਂ ਉਕਤ ਅੰਤਰਰਾਸ਼ਟਰੀ ਸਮਾਗਮ ਤੋਂ ਪਹਿਲਾਂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਜਾਂ ਫਿਰ ਅਧਿਕਾਰੀਆਂ ਦੀ ਕਾਰਵਾਈ ਪਬਲਿਕ ਰਿਲੇਸ਼ਨ ਦਫਤਰ ਕਪੂਰਥਲਾ ਪਾਸੋਂ ਪ੍ਰੈੱਸ ਨੋਟ ਜਾਰੀ ਕਰਵਾਕੇ ਅਖਬਾਰਾਂ 'ਚ ਖਬਰਾਂ ਲਗਵਾਉਣ ਤਕ ਹੀ ਸੀਮਤ ਰਹਿ ਜਾਵੇਗਾ।

ਉਧਰ ਬੇਸਹਾਰਾ ਪਸ਼ੂਆਂ ਕਾਰਣ ਇਸ ਵੇਲੇ ਆਮ ਲੋਕ ਅਤੇ ਸਮੁੱਚਾ ਕਿਸਾਨ ਵਰਗ ਬੇਹੱਦ ਨਿਰਾਸ਼ਾ ਦੇ ਆਲਮ ਵਿਚ ਹੈ। ਭਾਵੇਂ ਸਰਕਾਰੀ ਬਾਬੂ ਸ਼ਾਹੀ ਲਈ ਇਹ ਛੋਟੀ ਜਿਹੀ ਗੱਲ ਹੋਵੇਗੀ ਪਰ ਇਹ ਕਿਸੇ ਤੋਂ ਲੁਕਿਆ ਨਹੀਂ ਰਹਿ ਸਕਦਾ ਕਿ ਪਸ਼ੂਆਂ ਦੀ ਸਮੱਸਿਆ ਬੜੀ ਵੱਡੀ ਹੈ। ਪਾਪੀ ਪੇਟ ਦੀ ਖਾਤਰ ਬੇਸਹਾਰਾ ਪਸ਼ੂ ਕਿਸਾਨਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਦਾ ਉਜਾੜਾ ਕਰਨ ਲਈ ਮਜਬੂਰ ਹੋ ਜਾਂਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜ਼ਿਲਾ ਕਪੂਰਥਲਾ ਪ੍ਰਸ਼ਾਸਨ ਦੇ ਕੋਲ ਬੇਸਹਾਰਾ ਪਸ਼ੂਆਂ ਨੂੰ ਸੰਭਾਲਣ ਲਈ ਖੁਦ ਦੀ ਲੰਬੇ ਚੌੜੇ ਖੇਤਰਫਲ ਵਾਲੀ ਸਰਕਾਰੀ ਗਊਸ਼ਾਲਾ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਕਮਾਲਪੁਰ ਮੋਠਾਂਵਾਲਾ ਵਿਖੇ ਮੌਜੂਦ ਹੈ ਪਰ ਇਸ ਦੇ ਬਾਵਜੂਦ ਵੀ ਉਕਤ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ, ਸਗੋਂ ਬੇਸਹਾਰਾ ਪਸ਼ੂਆਂ ਦੀ ਗਿਣਤੀ ਦਿਨੋਂ-ਦਿਨ ਹੋਰ ਵਧੀ ਹੈ।

ਜੇਕਰ ਵੇਖਿਆ ਜਾਵੇ ਤਾਂ ਬੇਸਹਾਰਾ ਪਸ਼ੂ ਵੀ ਸੌਖੇ ਨਹੀਂ ਹਨ। ਕਈ ਵਾਰ ਭੁੱਖੇ ਧਿਆਏ ਰਹਿਣਾ ਪੈਂਦਾ ਹੈ ਤੇ ਪੀਣ ਲਈ ਪਾਣੀ ਵੀ ਨਹੀਂ ਮਿਲਦਾ। ਖੇਤਾਂ 'ਚ ਕੰਡਿਆਂ ਵਾਲੀਆਂ ਤਾਰਾਂ ਵੱਜ ਕੇ ਇਹ ਪਸ਼ੂ ਜ਼ਖ਼ਮੀ ਵੀ ਹੋ ਜਾਂਦੇ ਹਨ ਜਿਨਾਂ ਦੀ ਮਲਮ ਪੱਟੀ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਹੀ ਨਹੀਂ। ਗਊ ਸੈਸ ਦੇ ਨਾਂ 'ਤੇ ਜਨਤਾ ਕੋਲੋਂ ਕਰੋੜਾਂ ਰੁਪਏ ਇਕੱਠੇ ਕਰਨ ਵਾਲੀ ਸਰਕਾਰ ਦੇ ਸਾਡੇ ਸਿਆਸੀ ਨੇਤਾ ਨੂੰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਗੱਲ ਨੂੰ ਲੈ ਕੇ ਭੋਰਾ ਵੀ ਫਿਕਰ ਨਹੀਂ ਹੈ।

ਰਾਤ ਨੂੰ ਖੇਤਾਂ 'ਚ ਗੇੜੇ ਮਾਰਨ ਲਈ ਮਜਬੂਰ ਕਿਸਾਨ
ਕਈ ਕਿਸਾਨ ਰਾਤ ਨੂੰ ਸੌਣ ਦੀ ਥਾਂ ਤੇ ਆਪਣੇ ਖੇਤਾਂ 'ਚ ਗੇੜੇ ਮਾਰਨ ਨੂੰ ਮਜਬੂਰ ਹੋ ਰਹੇ ਹਨ ਕਿਉਂਕਿ ਬੇਸਹਾਰਾ ਪਸ਼ੂ ਰਾਤ ਨੂੰ ਖੇਤਾਂ ਵਿਚ ਵੜ ਜਾਂਦੇ ਹਨ।
ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਫੇਲ ਸਾਬਤ ਹੋ ਚੁੱਕੇ ਪ੍ਰਸ਼ਾਸਨਿਕ ਅਧਿਕਾਰੀ ਕਾਰਣ ਕਿਸਾਨਾਂ ਨੂੰ ਵਾਧੂ ਦਾ ਖਰਚ ਕਰਕੇ ਫ਼ਸਲਾਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਆਪਣੇ ਖੇਤਾਂ 'ਚ ਕੰਡਿਆਂਵਾਲੀ ਤਾਰ ਦੀ ਵਾੜ ਕਰਨੀ ਪੈ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਲੋਹੇ ਦੀਆਂ ਇਨ੍ਹਾਂ ਤਾਰਾਂ 'ਤੇ ਕਿਸਾਨ ਦਾ ਹਜ਼ਾਰਾਂ ਰੁਪਏ ਖਰਚ ਆਉਂਦਾ ਹਨ।

ਪੱਕੇ ਤੌਰ 'ਤੇ ਕੀਤਾ ਜਾਵੇ ਸਮੱਸਿਆ ਦਾ ਹੱਲ : ਪੰਨੂੰ, ਖਾਲਸਾ
ਕਿਸਾਨ ਮਜ਼਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਜਥੇਦਾਰ ਪਰਮਜੀਤ ਸਿੰਘ ਖਾਲਸਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਤੋਂ ਕਿਸਾਨਾਂ ਨੂੰ ਪੱਕੇ ਤੌਰ 'ਤੇ ਛੁਟਕਾਰਾ ਦਿਵਾਇਆ ਜਾਵੇ।

ਲੋਕਾਂ ਨੂੰ ਕੋਈ ਪ੍ਰਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ : ਡੀ. ਸੀ.
ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐੱਸ. ਖਰਬੰਦਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਬੇਸਹਾਰਿਆਂ ਨੂੰ ਫੜ ਕੇ ਗਊਸ਼ਾਲਾ ਤਕ ਪਹੁਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਅਧਿਕਾਰੀ ਨੂੰ ਹਦਾਇਤ ਦੇ ਕੇ ਸ਼ਹਿਰ 'ਚ ਫਿਰ ਰਹੇ ਬਾਕੀ ਪਸ਼ੂਆਂ ਨੂੰ ਵੀ ਗਊਸ਼ਾਲਾ ਪਹੁੰਚਾਉਣ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਈ ਪ੍ਰਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

Shyna

This news is Content Editor Shyna