ਸ਼੍ਰੀਨਗਰ ’ਚ ਮੁਕਾਬਲਾ, ਅਲ ਬਦਰ ਦੇ ਦੋ ਅੱਤਵਾਦੀ ਢੇਰ, ਕੁਪਵਾੜਾ ਨੇੜੇ LOC ਵਿਖੇ ਬਾਰੂਦੀ ਸੁਰੰਗ ਧਮਾਕੇ ’ਚ ਜਵਾਨ ਜ਼ਖਮੀ

05/18/2021 11:16:13 AM

ਸ਼੍ਰੀਨਗਰ,(ਅਰੀਜ਼)– ਕੇਂਦਰੀ ਕਸ਼ਮੀਰ ਦੇ ਸ਼੍ਰੀਨਗਰ ਜ਼ਿਲੇ ਦੇ ਖੋਨਮੋਹ ਇਲਾਕੇ ’ਚ ਸੋਮਵਾਰ ਸੁਰੱਖਿਆ ਫੋਰਸਾਂ ਨਾਲ ਹੋਏ ਇਕ ਮੁਕਾਬਲੇ ਦੌਰਾਨ ਅਲ ਬਦਰ ਦੇ 2 ਅੱਤਵਾਦੀ ਮਾਰੇ ਗਏ। ਸੂਤਰਾਂ ਮੁਤਾਬਕ ਉਕਤ ਇਲਾਕੇ ’ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾਂ ਮਿਲਣ ਪਿੱਛੋਂ ਪੁਲਸ ਅਤੇ ਫੌਜ ਦੀ ਇਕ ਸਾਂਝੀ ਟੁੱਕੜੀ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀਆਂ ਦੀ ਮੁਹਿੰਮ ਸ਼ੁਰੂ ਕੀਤੀ।

ਇਲਾਕੇ ’ਚ 2 ਅੱਤਵਾਦੀ ਲੁਕੇ ਹੋਏ ਸਨ। ਉਨ੍ਹਾਂ ਨੂੰ ਵਾਰ-ਵਾਰ ਆਤਮ ਸਮਰਪਣ ਕਰਨ ਦਾ ਮੌਕਾ ਦਿੱਤਾ ਗਿਆ ਪਰ ਉਨ੍ਹਾਂ ਜਵਾਨਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੁਕਾਬਲੇ ’ਚ ਦੋਵੇਂ ਅੱਤਵਾਦੀ ਮਾਰੇ ਗਏ। ਉਨ੍ਹਾਂ ਦੀ ਪਛਾਣ ਵਸੀਮ ਬਸ਼ੀਰ ਪੰਡਤ ਪੁੱਤਰ ਬਸ਼ੀਰ ਅਹਿਮਦ ਪੰਡਤ ਵਾਸੀ ਕਾਕਾਪੁਰਾ ਅਤੇ ਮੁਦਸਿਰ ਅਹਿਮਦ ਖਾਂਡੇ ਪੁੱਤਰ ਫਾਰੂਕ ਅਹਿਮਦ ਖਾਂਡੇ ਵਾਸੀ ਬਦਗਾਮ ਵਜੋਂ ਹੋਈ।

ਪੁਲਸ ਦੇ ਆਈ.ਜੀ.ਪੀ. (ਕਸ਼ਮੀਰ) ਵਿਜੇ ਕੁਮਾਰ ਨੇ ਦੱਸਿਆ ਕਿ ਦੋਵੇਂ ਅੱਤਵਾਦੀ ਪਿਛਲੇ ਕਾਫੀ ਸਮੇਂ ਸਰਗਰਮ ਸਨ। ਸ਼੍ਰੀਨਗਰ ਅਤੇ ਨਾਲ ਲੱਗਦੇ ਇਲਾਕਿਆਂ ’ਚ ਪੰਜ ਹੋਰ ਅੱਤਵਾਦੀ ਅਤੇ ਉਨ੍ਹਾਂ ਦੇ ਸਹਿਯੋਗੀ ਅਜੇ ਸਰਗਰਮ ਹਨ। ਕਈ ਸਹਿਯੋਗੀਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ‘ਸੀ’ ਸ਼੍ਰੇਣੀ ਦੇ ਕੁਝ ਸਹਿਯੋਗੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਸ਼੍ਰੀਨਗਰ ਵਿਚ ਵਿਦੇਸ਼ੀ ਅੱਤਵਾਦੀਆਂ ਦੇ ਸਰਗਰਮ ਹੋਣ ਸਬੰਧੀ ਆਈ.ਜੀ.ਪੀ. ਨੇ ਕਿਹਾ ਕਿ ਅਜੇ ਤੱਕ ਇਥੇ ਕੋਈ ਵਿਦੇਸ਼ੀ ਅੱਤਵਾਦੀ ਸਰਗਰਮ ਨਹੀਂ ਹੈ।

ਓਧਰ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ ’ਚ ਐੱਲ.ਓ.ਸੀ. ਨੇੜੇ ਇਕ ਬਾਰੂਦੀ ਸੁਰੰਗ ਧਮਾਕੇ ’ਚ ਫੌਜ ਦਾ ਇਕ ਜਵਾਨ ਜਖਮੀ ਹੋ ਗਿਆ।

Rakesh

This news is Content Editor Rakesh